ਗੁਰਦਾਸਪੁਰ, 25 ਜਨਵਰੀ : ਜ਼ਿਲਾ ਗੁਰਦਾਸਪੁਰ ਦੇ ਪਿੰਡ ਜੋੜਾ ਛੱਤੜਾਂ ਵਿਖੇ ਤੂੜੀ ਖਾਣ ਤੋਂ ਬਾਅਦ ਇਕ ਕਿਸਾਨ ਦੀਆਂ ਚਾਰ ਗਾਵਾਂ ਦੀ ਅਚਾਨਕ ਮੌਤ ਹੋ ਗਈ ਹੈ। ਇਸ ਘਟਨਾ ਨਾਲ ਕਿਸਾਨ ਹੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ।
ਜਾਣਕਾਰੀ ਮੁਤਾਬਕ ਕਿਸਾਨ ਹੀਰਾ ਸਿੰਘ ਨੇ ਗਾਵਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਤੂੜੀ ਖਵਾਈ ਸੀ, ਜਿਸ ਤੋਂ ਬਾਅਦ ਕੁਝ ਹੀ ਸਮੇਂ ’ਚ ਗਾਵਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਚਾਰਾਂ ਗਾਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ।
ਘਟਨਾ ਤੋਂ ਬਾਅਦ ਪੀੜਤ ਕਿਸਾਨ ਦੀਆਂ ਬਾਕੀ ਗਾਵਾਂ ਦੀ ਸਿਹਤ ਸੰਭਾਲ ਨੂੰ ਧਿਆਨ ’ਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਅਤੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ।
ਇਸ ਮੌਕੇ ਆਪ ਦੇ ਹਲਕਾ ਇੰਚਾਰਜ ਰਮਨ ਬਹਲ ਨੇ ਮੌਕੇ ’ਤੇ ਪਹੁੰਚ ਕੇ ਪੀੜਿਤ ਕਿਸਾਨ ਨੂੰ ਹੌਸਲਾ ਦਿੱਤਾ। ਉਹਨਾਂ ਦੱਸਿਆ ਕਿ ਰੈਡ ਕਰਾਸ ਦੀ ਸਹਾਇਤਾ ਨਾਲ ਬਾਕੀ ਪਸ਼ੂਆਂ ਦਾ ਮੁਫ਼ਤ ਇਲਾਜ ਵੀ ਕਰਵਾਇਆ ਜਾ ਰਿਹਾ ਹੈ, ਤਾਂ ਜੋ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਨੇ ਕਿਸਾਨ ਨੂੰ ਵੱਡੀ ਮਾਲੀ ਚੋਟ ਪਹੁੰਚਾਈ ਹੈ ਅਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਕਿਸਾਨ ਲਈ ਮਦਦ ਅਤੇ ਮੁਆਵਜ਼ੇ ਦੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ। ਘਟਨਾ ਦੀ ਪੂਰੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Read More : ਹੈੱਡ ਕਾਂਸਟੇਬਲ ਦਾ ਬਾਜ਼ਾਰ ਵਿਚ ਕਿਰਚਾਂ ਮਾਰ ਕੇ ਕਤਲ
