ਵਿਜੀਲੈਂਸ ਬਿਊਰੋ

ਵਿਜੀਲੈਂਸ ਬਿਊਰੋ ਵੱਲੋਂ 5.20 ਲੱਖ ਰੁਪਏ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਕਾਬੂ

ਲੁਧਿਆਣਾ, 25 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸੀ.ਆਈ.ਏ. ਖੰਨਾ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨੂੰ 5 ਲੱਖ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਮਾਸਟਰ ਕਲੋਨੀ ਖੰਨਾ ਜ਼ਿਲਾ ਲੁਧਿਆਣਾ ਦੇ ਇਕ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਜਾਇਦਾਦ ਦੀ ਖਰੀਦੋ-ਫਰੋਖਤ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਤੇ ਉਸ ਨੇ ਦੋਸ਼ ਲਗਾਇਆ ਕਿ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨੇ ਉਸ ’ਤੇ ਜੂਏ ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਝੂਠਾ ਦੋਸ਼ ਲਗਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ।

ਬੁਲਾਰੇ ਮੁਤਾਬਕ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਖੰਨਾ ਦੇ ਸੀ.ਆਈ.ਏ. ਇੰਚਾਰਜ ਨਰਪਿੰਦਰਪਾਲ ਸਿੰਘ ਨੇ ਉਸ ਨੂੰ ਬੁਲਾਇਆ ਹੈ। ਬਾਅਦ ਵਿਚ ਸੀ.ਆਈ.ਏ. ਦਫ਼ਤਰ ਵਿਚ ਸ਼ਿਕਾਇਤਕਰਤਾ ’ਤੇ ਸੱਟੇਬਾਜ਼ੀ ਤੇ ਗੈਰ-ਕਾਨੂੰਨੀ ਲਾਟਰੀ ਨਾਲ ਜੁੜੇ ਦੋਸ਼ ਲਗਾਏ ਗਏ ਤੇ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਰਾਹੀਂ 5 ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਨੂੰ ਝੂਠੇ ਕੇਸ ਵਿਚ ਫਸਾਉਣ ਤੇ ਗ੍ਰਿਫ਼ਤਾਰੀ ਦੀ ਧਮਕੀ ਵੀ ਦਿੱਤੀ ਗਈ।

ਸ਼ਿਕਾਇਤਕਰਤਾ ਨੇ ਮਜਬੂਰੀ ਵਿਚ 2 ਲੱਖ 20 ਹਜ਼ਾਰ ਰੁਪਏ ਦਾ ਪ੍ਰਬੰਧ ਕੀਤਾ ਪਰ ਮੁਲਜ਼ਮ ਨੇ ਪੂਰੀ ਰਕਮ ਨਾ ਹੋਣ ਕਾਰਨ ਪੈਸੇ ਵਾਪਸ ਕਰ ਦਿੱਤੇ। ਬਾਅਦ ਵਿਚ ਰਿਸ਼ਵਤ ਦੀ ਮੰਗ ਵਧਾ ਕੇ 5 ਲੱਖ 20 ਹਜ਼ਾਰ ਰੁਪਏ ਕਰ ਦਿੱਤੀ ਗਈ।

ਰਿਸ਼ਵਤ ਨਾ ਦੇਣਾ ਚਾਹੁੰਦੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਨਾਲ ਸੰਪਰਕ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨੂੰ 5 ਲੱਖ 20 ਹਾਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ।

ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਖੰਨਾ ਦੇ ਸੀ.ਆਈ.ਏ. ਇੰਚਾਰਜ ਨਰਪਿੰਦਰਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਉਸ ਦੇ ਘਰ ਅਤੇ ਹੋਰ ਸੰਭਾਵਿਤ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ। ਇਸ ਮਾਮਲੇ ਵਿਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

Read More : ਭਾਰਤੀ ਉਤਪਾਦ ਉੱਚ ਗੁਣਵੱਤਾ ਦੇ ਸਮਾਨਾਰਥੀ ਹੋਣੇ ਚਾਹੀਦੇ ਹਨ : ਨਰਿੰਦਰ ਮੋਦੀ

Leave a Reply

Your email address will not be published. Required fields are marked *