ਝੀਂਡਾ ਨੇ ਦਾਦੂਵਾਲ ਵਿਰੁੱਧ ਖੋਲ੍ਹਿਆ ਮੋਰਚਾ, ਕਰੋੜਾਂ ਦੇ ਫੰਡਾਂ ’ਚ ਹੇਰਾਫੇਰੀ ਦੇ ਲਾਏ ਦੋਸ਼
ਅੰਮ੍ਰਿਤਸਰ, 20 ਜਨਵਰੀ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਅਤੇ ਸੀਨੀਅਰ ਆਗੂ ਜਗਦੀਸ਼ ਸਿੰਘ ਝੀਂਡਾ ਨੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚ ਕੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਝੀਂਡਾ ਨੇ ਸਿੰਘ ਸਾਹਿਬ ਨੂੰ ਇਕ ਵਿਸਤ੍ਰਿਤ ਪੱਤਰ ਸੌਂਪਦਿਆਂ ਹਰਿਆਣਾ ਕਮੇਟੀ ’ਚ ਚੱਲ ਰਹੇ ਕਲੇਸ਼ ਦੇ ਹੱਲ ਲਈ ਅਪੀਲ ਕੀਤੀ, ਜਿਸ ’ਚ ਉਨ੍ਹਾਂ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਸਿਆਸੀ ਅਤੇ ਆਰਥਿਕ ਦੋਸ਼ ਲਗਾਏ। ਜਗਦੀਸ਼ ਸਿੰਘ ਝੀਂਡਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ 22 ਸਾਲ ਸੰਘਰਸ਼ ਕਰ ਕੇ ਆਪਣਾ ਕਾਰੋਬਾਰ ਦਾਅ ’ਤੇ ਲਗਾ ਕੇ ਹਰਿਆਣਾ ਲਈ ਵੱਖਰੀ ਕਮੇਟੀ ਹਾਸਲ ਕੀਤੀ ਸੀ ਪਰ ਕੁਝ ਸ਼ਖਸੀਅਤਾਂ ਨੇ ਇਸ ਨੂੰ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਸਿੱਧੇ ਤੌਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਗੁਰਦਾਸਪੁਰ (ਪੰਜਾਬ) ਤੋਂ ਆਏ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਕਮੇਟੀ ’ਚ ਹਮੇਸ਼ਾ ਕਲੇਸ਼ ਪਾ ਕੇ ਰੱਖਿਆ। ਝੀਂਡਾ ਨੇ ਦੋਸ਼ ਲਾਇਆ ਕਿ ਦਾਦੂਵਾਲ ਨੇ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਮੈਂਬਰਾਂ ਨਾਲ ਬਦਸਲੂਕੀ ਕੀਤੀ, ਜੋ ਕਿ ਇਕ ਧਾਰਮਿਕ ਆਗੂ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ।
ਜਗਦੀਸ਼ ਸਿੰਘ ਝੀਂਡਾ ਨੇ ਆਰਥਿਕ ਪੱਖ ਤੋਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ 2014 ਤੋਂ 2026 ਤੱਕ ਧਰਮ ਪ੍ਰਚਾਰ ਦੇ ਨਾਂ ’ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਪੈਸੇ ਨਾਲ ਨਿੱਜੀ ਜ਼ਮੀਨਾਂ ਖਰੀਦੀਆਂ ਗਈਆਂ ਅਤੇ ਨਿੱਜੀ ਬੈਂਕ ਖਾਤੇ ਭਰੇ ਗਏ।
ਉਨ੍ਹਾਂ ਦੱਸਿਆ ਕਿ ਦਾਦੂਵਾਲ ਦੀਆਂ ਇਨ੍ਹਾਂ ਸਰਗਰਮੀਆਂ ਕਾਰਨ ਹਾਊਸ ਦੇ 33 ਮੈਂਬਰਾਂ ਨੇ ਮਤਾ ਪਾਸ ਕਰ ਕੇ ਉਨ੍ਹਾਂ ਨੂੰ ਮੈਂਬਰਸ਼ਿਪ ਅਤੇ ਧਰਮ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਤੋਂ ਵੀ ਖਾਰਿਜ ਕਰ ਦਿੱਤਾ ਹੈ। ਝੀਂਡਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਦਖਲ ਦੇ ਕੇ ਹਰਿਆਣਾ ਦੇ ਸਿੱਖਾਂ ਨੂੰ ਇਸ ਕਲੇਸ਼ ਤੋਂ ਨਿਜਾਤ ਦਿਵਾਉਣ।
ਉਨ੍ਹਾਂ ਕਿਹਾ ਕਿ ਸਿੱਖਾਂ ਲਈ ਅਕਾਲ ਤਖ਼ਤ ਸਾਹਿਬ ਚੋਟੀ ਦੀ ਅਦਾਲਤ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਿੰਘ ਸਾਹਿਬ ਸੱਚਾਈ ਦਾ ਸਾਥ ਦੇਣਗੇ।
Read More : ਗੰਨੇ ‘ਤੇ 68.50 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਨੂੰ ਮਨਜ਼ੂਰੀ
