ਅਬੋਹਰ, 18 ਜਨਵਰੀ : ਅਬੋਹਰ ਸਬ-ਡਵੀਜ਼ਨ ਦੇ ਧਰੰਗਵਾਲਾ ਪਿੰਡ ’ਚ ਫੁੱਟਬਾਲ ਮੈਚ ਖੇਡ ਰਹੇ 14 ਸਾਲਾ ਖਿਡਾਰੀ ਦੀ ਖੇਡ ਦੇ ਮੈਦਾਨ ’ਚ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰੱਖਿਆ ਗਿਆ ਹੈ। ਥਾਣਾ ਸਦਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਦੇ ਵਸਨੀਕ ਪਿੰਦਰ ਸਿੰਘ ਨੇ ਦੱਸਿਆ ਕਿ ਧਰੰਗਵਾਲਾ ਪਿੰਡ ’ਚ ਮਹਾਰਿਸ਼ੀ ਵਾਲਮੀਕਿ ਸਪੋਰਟਸ ਕਲੱਬ ਵੱਲੋਂ ਇਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ’ਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਸਨ।
ਅੱਜ ਪਹਿਲੇ ਮੈਚ ਦੌਰਾਨ ਜਦੋਂ ਸਾਰੇ ਖਿਡਾਰੀ ਮੈਦਾਨ ’ਚ ਫੁੱਟਬਾਲ ਖੇਡ ਰਹੇ ਸਨ ਤਾਂ ਮਲੋਟ ਦੇ ਆਲਮਵਾਲਾ ਪਿੰਡ ਦੇ ਰਹਿਣ ਵਾਲੇ ਪਰਸ਼ੋਤਮ ਦਾ ਪੁੱਤਰ ਜੱਸੂ ਉਰਫ ਜਸਮੀਤ ਅਚਾਨਕ ਹੀ ਜ਼ਮੀਨ ’ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਹੋਰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਚੁੱਕਿਆ ਅਤੇ ਤੁਰੰਤ ਇਕ ਨਿੱਜੀ ਡਾਕਟਰ ਕੋਲ ਲੈ ਗਏ, ਜਿਥੋਂ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਤਾ ਲੱਗਾ ਹੈ ਕਿ ਜੱਸੂ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਅਤੇ ਇਕਲੌਤਾ ਭਰਾ ਸੀ ਜਦੋਂ ਕਿ ਉਸ ਦਾ ਪਿਤਾ ਪਿੰਡ ’ਚ ਮਜ਼ਦੂਰੀ ਕਰਦਾ ਹੈ। ਸ਼ੁਰੂਆਤੀ ਤੌਰ ’ਤੇ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਸਹੀ ਕਾਰਨ ਦਾ ਪਤਾ ਲੱਗ ਸਕੇਗਾ। ਸਦਰ ਪੁਲਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
Read More : ਵਿਧਾਇਕ ਡਾ. ਸੁੱਖੀ ਨੇ ਕੀਤਾ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ
