ਸੰਤ ਭੂਰੀ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਨਿਭਾਈ ਸੇਵਾ
ਅੰਮ੍ਰਿਤਸਰ, 18 ਜਨਵਰੀ : ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਅਟਾਰੀ ਸਾਹਿਬ, ਪਿੰਡ ਸੁਲਤਾਨਵਿੰਡ ਵਿਖੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਤਿਆਰ ਕੀਤੇ ਗਏ ਸੁੰਦਰ ਦਰਬਾਰ ਹਾਲ ਦਾ ਅੱਜ ਉਦਘਾਟਨ ਕੀਤਾ ਗਿਆ।
ਇਸ ਮੌਕੇ ਨਵੇਂ ਦਰਬਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਵਿਸ਼ਾਲ ਦੀਵਾਨ ਸਜਾਇਆ ਗਿਆ, ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਜਸ ਸੁਣਾ ਕੇ ਨਿਹਾਲ ਕੀਤਾ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਵਿੱਤਰ ਗੁਰਧਾਮਾਂ ਦੀ ਕਾਰ ਸੇਵਾ ਦੌਰਾਨ ਮਰਿਆਦਾ ਅਤੇ ਮਿਆਰ ਨੂੰ ਬਰਕਰਾਰ ਰੱਖਣ ਵਿਚ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦਾ ਵਿਸ਼ਾਲ ਨਜ਼ਰੀਆ ਅਤੇ ਦੂਰ-ਅੰਦੇਸ਼ੀ ਸੋਚ ਬੇਮਿਸਾਲ ਹੈ। ਉਹ ਇਮਾਰਤ ਉਸਾਰੀ ਲਈ ਅਤਿ-ਆਧੁਨਿਕ ਤਕਨੀਕ, ਉੱਚ ਦਰਜੇ ਦੇ ਮਟੀਰੀਅਲ ਦੀ ਵਰਤੋਂ, ਨਿਰੰਤਰ ਨਿਗਰਾਨੀ ਅਤੇ ਹੱਥੀਂ ਸੇਵਾ ’ਚ ਵਿਸ਼ਵਾਸ ਰੱਖਦੇ ਹਨ।
ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦਰਬਾਰ ਹਾਲ ਦੀਆਂ ਚਾਬੀਆਂ ਸੌਂਪਦਿਆਂ ਦੱਸਿਆ ਕਿ ਦਰਬਾਰ ਹਾਲ ਦੇ ਹੇਠਲੇ ਹਾਲ ਨੂੰ ਸਟੋਰ ਵਜੋਂ ਅਤੇ ਸਮੇਂ ਦੀ ਲੋੜ ਅਨੁਸਾਰ ਸਮਾਜਿਕ ਕਾਰਜਾਂ ਲਈ ਸੁਚੱਜੇ ਢੰਗ ਨਾਲ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸਮੁੱਚੇ ਕੰਪਲੈਕਸ ਨੂੰ ਹੋਰ ਵਿਸਥਾਰ ਦਿੰਦੇ ਹੋਏ ਅਤਿ-ਆਧੁਨਿਕ ਲੰਗਰ ਇਮਾਰਤ, ਜੋੜਾ ਘਰ, ਵਾਸ਼ਰੂਮ, ਫਰੰਟ ਐਲੀਵੇਸ਼ਨ ਅਤੇ ਪ੍ਰਬੰਧਕੀ ਬਲਾਕ ਵੀ ਤਿਆਰ ਕੀਤੇ ਜਾਣਗੇ।
Read More : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਖੁਸ਼ੀ ਹੁੰਦੀ : ਭਗਵੰਤ ਮਾਨ
