ਬੱਬਰ ਖ਼ਾਲਸਾ

ਅੱਤਵਾਦੀ ਸਾਜ਼ਿਸ਼ ਨਾਕਾਮ, ਪਠਾਨਕੋਟ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁੱਖ ਸਰਗਣੇ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ

ਪਠਾਨਕੋਟ, 17 ਜਨਵਰੀ : ਜ਼ਿਲਾ ਪੁਲਸ ਪਠਾਨਕੋਟ ਨੇ ਸਰਹੱਦੀ ਇਲਾਕੇ ਅਧੀਨ ਪੈਂਦੇ ਨਰੋਟ ਜੈਮਲ ਸਿੰਘ ਇਲਾਕੇ ’ਚੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕਰ ਕੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਸਬੰਧੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਸ ਸੰਦੀਪ ਗੋਇਲ ਅਤੇ ਐੱਸ. ਐੱਸ. ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਆਈ. ਪੀ. ਐੱਸ. ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਗਈ।

ਡੀ. ਆਈ. ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਅੱਜ ਸੀ. ਆਈ. ਏ. ਸਟਾਫ਼ ਦੀ ਟੀਮ ਥਾਣਾ ਨਰੋਟ ਜੈਮਲ ਸਿੰਘ ਦੇ ਇਲਾਕੇ ਵਿਚ ਬਮਿਆਲ ਚੌਕ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁੱਖ ਸਰਗਣਾ ਹਰਵਿੰਦਰ ਸਿੰਘ ਉਰਫ਼ ਰਿੰਦਾ, ਜੋ ਇਸ ਸਮੇਂ ਪਾਕਿਸਤਾਨ ਵਿਚ ਬੈਠ ਕੇ ਆਈ. ਐੱਸ. ਆਈ. ਦੇ ਇਸ਼ਾਰਿਆਂ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ, ਵੱਲੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਇਕ ਖੇਪ ਭਾਰਤ ਭੇਜੀ ਗਈ ਹੈ।

ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਇਲਾਕੇ ’ਚ ਤੁਰੰਤ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਤਿੰਨ ਏ. ਕੇ.-47 ਰਾਈਫ਼ਲਾਂ, 5 ਮੈਗਜ਼ੀਨ, 2 ਪਿਸਤੌਲ (ਇਕ ਤੁਰਕੀ ਅਤੇ ਇਕ ਚੀਨ ’ਚ ਬਣਿਅਾ) ਅਤੇ ਵੱਖ-ਵੱਖ ਕੈਲੀਬਰ ਦੇ 98 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਇਸ ਮਾਮਲੇ ਸਬੰਧੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖ ਸਰਗਣਾ ਹਰਵਿੰਦਰ ਸਿੰਘ ਉਰਫ਼ ਰਿੰਦਾ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਨਰੋਟ ਜੈਮਲ ਸਿੰਘ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਪੁਲਸ ਦੀ ਇਸ ਕਾਰਵਾਈ ਨਾਲ ਇਕ ਵੱਡੀ ਅੱਤਵਾਦੀ ਵਾਰਦਾਤ ਨੂੰ ਸਮਾਂ ਰਹਿੰਦੇ ਟਾਲ ਦਿੱਤਾ ਗਿਆ ਹੈ, ਜਿਸ ਨਾਲ ਖੇਤਰ ਵਿਚ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਹੋਈ ਹੈ।

ਇਸ ਮੌਕੇ ਐੱਸ. ਪੀ. ਰਜਿੰਦਰ ਸ਼ਰਮਾ, ਡੀ. ਐੱਸ. ਪੀ. ਲਖਵਿੰਦਰ ਸਿੰਘ, ਡੀ. ਐੱਸ. ਪੀ. ਵਿਪਿਨ ਕੁਮਾਰ, ਐੱਸ. ਐੱਚ. ਓ. ਵਿਜੈ ਕੁਮਾਰ, ਐੱਸ. ਐੱਚ. ਓ. ਮੁਕੇਸ਼ ਟਾਕ ਅਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।

Read More : ਵੀਡੀਓ ਮਾਮਲੇ ’ਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਭਾਜਪਾ ਤੇ ਕਾਂਗਰਸ : ਅਮਨ ਅਰੋੜਾ

Leave a Reply

Your email address will not be published. Required fields are marked *