ਮਹਿਲਾਵਾਂ ਨੂੰ ਜਲਦੀ ਇਕ ਹਜ਼ਾਰ ਦੇਣ ਦਾ ਵਾਅਦਾ ਵੀ ਪੂਰਾ ਕਰਨ ਦਾ ਦਿਵਾਇਆ ਭਰੋਸਾ
ਕੋਟਕਪੂਰਾ ਰੋਡ ਬਾਈਪਾਸ ’ਤੇ ‘ਆਪ’ ਦੀ ਮੇਲਾ ਮਾਘੀ ਕਾਨਫ਼ਰੰਸ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੇਲਾ ਮਾਘੀ ਕਾਨਫ਼ਰੰਸ ਮੌਕੇ ਜਲਦੀ ਹੀ ਪੰਜਾਬ ਪੁਲਸ ਵਿਚ 10 ਹਜ਼ਾਰ ਤੋਂ ਜ਼ਿਆਦਾ ਨਵੀਆਂ ਭਰਤੀਆਂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੋ ਰਿਟਾਇਰਡ ਹੋਣ ਤੋਂ ਬਾਅਦ ਨਵੇਂ ਕਰਮਚਾਰੀ ਰੱਖੇ ਜਾਂਦੇ ਹਨ, ਉਹ ਅਲੱਗ ਹਨ। ਇਹ ਨਵੀਆਂ ਭਰਤੀਆਂ ਹੋਣਗੀਆਂ। ਇਹੀ ਨਹੀਂ ਜਲਦੀ ਹੀ ਉਹ ਹਰ ਪਰਿਵਾਰ ਲਈ 10 ਲੱਖ ਰੁਪਏ ਦਾ ਹੈਲਥ ਬੀਮਾ ਕਰਨ ਜਾ ਰਹੇ ਹਨ। ਕਿਸੇ ਨੂੰ ਕੋਈ ਵੀ ਸਿਹਤ ਪੱਖੋਂ ਕੋਈ ਚਿੰਤਾ ਨਹੀਂ ਰਹੇਗੀ।
ਮੇਲਾ ਮਾਘੀ ਮੌਕੇ ਕੋਟਕਪੂਰਾ ਰੋਡ ’ਤੇ ਆਯੋਜਿਤ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਨਾਲ ਕੀਤਾ ਇਕ ਹਜ਼ਾਰ ਰੁਪਏ ਸ਼ਗਨ ਦੇਣ ਦਾ ਵਾਅਦਾ ਵੀ ਜਲਦੀ ਪੂਰਾ ਕਰਨ ਜਾ ਰਹੀ ਹੈ। ਅਗਲੇ ਬਜਟ ਸੈਸ਼ਨ ਵਿੱਚ ਉਹ ਇਹ ਵਾਅਦਾ ਵੀ ਪੂਰਾ ਕਰਨਗੇ।
ਮੁੱਖ ਮੰਤਰੀ ਨੇ ਸ਼ਹੀਦਾਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੜਾਈ ਉਸ ਸਮੇਂ ਵੀ ਜ਼ੁਲਮ ਦੇ ਖ਼ਿਲਾਫ਼ ਸੀ। ਅੱਜ ਵੀ ਜ਼ੁਲਮ ਦੇ ਖ਼ਿਲਾਫ਼ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੇਵਾ ਦੀ ਵਾਰੀ ਮੰਗਣ ਦੀ ਲੋੜ ਨਹੀਂ ਪੈਂਦੀ, ਜਦਕਿ ਵਿਰੋਧੀ ਆਪਣੀ-ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਕਿ ਜਨਤਾ ਹੁਣ ਉਨ੍ਹਾਂ ਨੂੰ ਮੌਕਾ ਦੇਵੇ। ਵਿਰੋਧੀ ਆਪਣੀ ਵਾਰੀ ਆਉਣ ਲਈ ਤੜਪ ਰਹੇ ਹਨ।
ਝਾੜੂ ਦੇ ਖ਼ਿਲਾਫ਼ ਦੁਸ਼ਪ੍ਰਚਾਰ ਕਰ ਰਹੇ ਹਨ ਕਿ ਚੁੱਲ੍ਹੇ ਵਿੱਚ ਸੁੱਟ ਦਿਓ। ਜਦਕਿ ਲੋਕਾਂ ਦੇ ਘਰਾਂ ਦਾ ਝਾੜੂ ਦੁਕਾਨ ਤੇ ਮਕਾਨ ਸਾਫ਼ ਕਰਦਾ ਹੈ ਪਰ ਆਪ ਦਾ ਝਾੜੂ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ ਪਰ ਕਾਠ ਦੀ ਹਾਂਡੀ ਰੋਜ਼-ਰੋਜ਼ ਨਹੀਂ ਚੜ੍ਹਦੀ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਮੁੱਖ ਮੰਤਰੀ ਰਹਿੰਦਿਆਂ ਸਕੂਲ, ਹਸਪਤਾਲ ਬਣਾਏ। ਬਿਜਲੀ ਮੁਫ਼ਤ ਕਰ ਦਿੱਤੀ। 2025 ਵਿੱਚ ਹੁਣ ਜਦੋਂ ਸੱਤਾ ਬਦਲੀ ਤਾਂ ਹੁਣ ਦਿੱਲੀ ਦੇ ਲੋਕ ਪਛਤਾ ਰਹੇ ਹਨ। ਕਾਨਫ਼ਰੰਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ 40 ਮੁਕਤਿਆਂ ਨੂੰ ਨਮਨ ਕੀਤਾ।
ਉਨ੍ਹਾਂ ਕਿਹਾ ਕਿ ਐੱਸ.ਆਈ.ਟੀ. ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪ ਨਹੀਂ ਮਿਲ ਰਹੇ ਸਨ, ਨਵਾਂਸ਼ਹਿਰ ਦੇ ਨੇੜੇ ਵੰਗਾ ਸਥਿਤ ਕਿਸੇ ਧਾਰਮਿਕ ਸਥਾਨ ਤੋਂ ਉਨ੍ਹਾਂ ਵਿੱਚੋਂ 169 ਸਰੂਪ ਮਿਲੇ ਹਨ, ਜਿਨ੍ਹਾਂ ਵਿੱਚੋਂ 139 ਸਰੂਪਾਂ ਦਾ ਨਾ ਸ਼੍ਰੋਮਣੀ ਕਮੇਟੀ ਕੋਲ ਤੇ ਨਾ ਹੀ ਪ੍ਰਬੰਧਕਾਂ ਕੋਲ ਕੋਈ ਰਿਕਾਰਡ ਹੈ। ਸਿਰਫ਼ 30 ਸਰੂਪ ਅਜਿਹੇ ਹਨ ਜਿਨ੍ਹਾਂ ਦੀਆਂ ਪਰਚੀਆਂ ਹਨ, ਉਹ ਵੀ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹਨ।
ਇਨ੍ਹਾਂ ਅਣ ਅਧਿਕਾਰਤ ਸਰੂਪਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਐੱਸ.ਜੀ.ਪੀ.ਸੀ਼ ਦੇ ਪ੍ਰਬੰਧਕ ਜਿੱਥੇ ਕਹਿਣਗੇ, ਉਹ ਮਾਨ-ਮਰਿਆਦਾ ਨਾਲ ਉੱਥੇ ਸਥਾਪਿਤ ਕਰ ਦਿੱਤੇ ਜਾਣਗੇ। ਇਹ ਉਨ੍ਹਾਂ ਦੀ ਡਿਊਟੀ ਹੈ, ਨਾ ਕਿ ਉਨ੍ਹਾਂ ਦੀ ਉਪਲਬਧੀ। ਇਹ ਅਣ ਅਧਿਕਾਰਤ ਸਰੂਪ ਹਨ, ਉਨ੍ਹਾਂ ਦਾ ਕੋਈ ਜਵਾਬਦੇਹ ਨਹੀਂ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ’ਆਪ’ ਆਗੂ ਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਮਿਸਾਲੀ ਕਦਮ ਚੁੱਕੇ ਹਨ। ਇਸ ਰੈਲੀ ਵਿੱਚ ਵੱਡੀ ਸ਼ਮੂਲੀਅਤ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਇੱਕ ਹੋਰ ਮੌਕਾ ਦੇਣ ਦਾ ਮਨ ਬਣਾ ਲਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਡਾ. ਬਲਬੀਰ ਸਿੰਘ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲਜੀਤ ਸਿੰਘ ਭੁੱਲਰ, ਲਾਲ ਚੰਦ ਕਟਾਰੂਚੱਕ, ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਬਲਜਿੰਦਰ ਕੌਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
Read More : ਪਾਕਿ ਤੋਂ ਮੰਗਵਾਈ 4 ਕਿਲੋ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ
