6,000 ਪੁਲਸ ਮੁਲਾਜ਼ਮ ਤਾਇਨਾਤ, ਡਰੋਨਾਂ ਰਾਹੀਂ ਰੱਖੀ ਜਾਵੇਗੀ ਨਿਗਰਾਨੀ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ : ਮਾਘੀ ਦੇ ਇਤਿਹਾਸਕ ਅਤੇ ਪਵਿੱਤਰ ਮੇਲੇ ਦੇ ਮੱਦੇਨਜ਼ਰ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰੱਖਿਆ, ਆਵਾਜਾਈ ਅਤੇ ਜਨਤਕ ਸਹੂਲਤਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਮਾਘੀ ਮੇਲਾ 13 ਜਨਵਰੀ ਤੋਂ 15 ਜਨਵਰੀ 2026 ਤੱਕ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੇਲੇ ਦੀ ਸੁਰੱਖਿਆ ਲਈ 6,000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੂਰੇ ਸ਼ਹਿਰ ਨੂੰ 7 ਸੈਕਟਰਾਂ ’ਚ ਵੰਡਿਆ ਗਿਆ ਹੈ, ਜਿਨ੍ਹਾਂ ਦੀ ਨਿਗਰਾਨੀ ਗਜ਼ਟਿਡ ਰੈਂਕ ਦੇ ਅਧਿਕਾਰੀ ਕਰਨਗੇ। ਸ਼ਹਿਰ ਦੀਆਂ 37 ਮੁੱਖ ਥਾਵਾਂ ’ਤੇ 100 ਸੀ.ਸੀ.ਟੀ.ਵੀ. ਕੈਮਰੇ ਅਤੇ ਹਵਾਈ ਨਿਗਰਾਨੀ ਲਈ ਡਰੋਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਲਈ ਕੁੱਲ 94 ਨਾਕੇ (54 ਬਾਹਰੀ ਅਤੇ 40 ਅੰਦਰੂਨੀ) ਲਗਾਏ ਗਏ ਹਨ।
ਇਸ ਮੌਕੇ ਸਪੈਸ਼ਲ ਡੀ.ਜੀ.ਪੀ. ਨੇ ਡੀ.ਆਈ.ਜੀ. ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਅਤੇ ਐੱਸ.ਐੱਸ.ਪੀ. ਅਭਿਮਨਿਊ ਰਾਣਾ ਨਾਲ ਰੈਲੀ ਸਥਾਨ, ਪਾਰਕਿੰਗਾਂ ਅਤੇ ਨਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹਰ ਸੈਕਟਰ ’ਚ ਮੈਡੀਕਲ ਸਹੂਲਤਾਂ ਵਾਲੇ ਹੈਲਪ ਡੈਸਕ ਬਣਾਏ ਗਏ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਲਈ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਹਨ। ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ 300 ਮੀਟਰ ਦੇ ਘੇਰੇ ਨੂੰ ‘ਨੋ-ਵਹੀਕਲ ਜ਼ੋਨ’ ਐਲਾਨਿਆ ਗਿਆ ਹੈ। ਸ਼ਹਿਰ ਵਿਚ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਮੁਕੰਮਲ ਪਾਬੰਦੀ ਹੈ।
ਅਰਪਿਤ ਸ਼ੁਕਲਾ ਨੇ ਸਮੂਹ ਪੁਲਸ ਕਰਮਚਾਰੀਆਂ ਨੂੰ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂਚਨਾ ਤੁਰੰਤ ਪੁਲਸ ਹੈਲਪਲਾਈਨ ਨੰਬਰ 80542-70100 ’ਤੇ ਦਿੱਤੀ ਜਾਵੇ।
Read More : ਪੁਲਸ ਮੁਕਾਬਲੇ ਦੌਰਾਨ ਗੋਲਡੀ ਢਿੱਲੋਂ ਗੈਂਗ ਦੇ 2 ਸ਼ੂਟਰ ਜ਼ਖਮੀ
