ਕਿਹਾ, ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਦਾ ਹੋਵੇਗਾ ਚਲਾਨ ਤੇ ਭਰਨਾ ਪਵੇਗਾ ਜੁਰਮਾਨਾ
ਪਟਿਆਲਾ, 11 ਜਨਵਰੀ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵੱਲੋਂ ਆਯੋਜਿਤ ਸਫਾਈ ਮੁਹਿੰਮ ’ਚ ਹਿੱਸਾ ਲੈਂਦੇ ਹੋਏ ਨਵੀਂ ਮੁਹਿੰਮ “ਸਾਡਾ ਪਟਿਆਲਾ, ਅਸੀ ਸਵਾਰੀਏ” ਤਹਿਤ ਪਟਿਆਲਾ ਦੇ ਸਾਰੇ 60 ਵਾਰਡਾਂ ’ਚ ਇਕ ਵਿਆਪਕ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇੱਥੇ ਤ੍ਰਿਪੜੀ ਵਿਖੇ ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਅਤੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਕੌਂਸਲਰਾਂ ਨਾਲ ਤਾਲਮੇਲ ਕਰ ਕੇ ਵਾਰਡ-ਪੱਧਰੀ ਸਫਾਈ ਮੁਹਿੰਮ ਸ਼ੁਰੂ ਕਰਨ ਲਈ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਿਹਤ ਮੰਤਰੀ ਨੇ ਪਟਿਆਲਾ ਨੂੰ ਇਕ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਥਾਨਕ ਵਸਨੀਕਾਂ ਨੂੰ ਨਾਗਰਿਕ ਸਮਝ ਅਪਣਾਉਣ ਦੀ ਅਪੀਲ ਕੀਤੀ ਅਤੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡ ਗੋਦ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪਟਿਆਲਾ ਦੇ ਵਿਕਾਸ ਅਤੇ ਸਫ਼ਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸ਼ਹਿਰ ’ਚ ਤੇਜ਼ੀ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਕੂੜੇ ਦੀ ਪੈਦਾਵਾਰ ਨੂੰ ਘਟਾਉਣ ਅਤੇ ਘਰੇਲੂ ਪੱਧਰ ’ਤੇ ਕੂੜੇ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਇਸਨੂੰ ਸਿੱਧਾ ਮਟੀਰੀਅਲ ਰਿਕਵਰੀ ਫੈਸਿਲਿਟੀਜ਼ ’ਚ ਭੇਜਿਆ ਜਾ ਸਕੇ। ਉਨ੍ਹਾਂ ਨੇ ਪਹਿਲਾਂ ਕਈ ਪਿੰਡਾਂ ’ਚ ਸਫਾਈ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਦੋ ਵਾਰਡਾਂ ਨੂੰ ਗੋਦ ਲੈਣ ਵਰਗੀਆਂ ਪਹਿਲਕਦਮੀਆਂ ਲਈ ਨਗਰ ਨਿਗਮ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਸਿਹਤ ਮੰਤਰੀ ਨੇ ਨਾਭਾ ਰੋਡ ’ਤੇ ਮੌਜੂਦਾ ਵਾਤਾਵਰਣ ਪਾਰਕ ਨੂੰ ਨਾਭਾ ਤੱਕ ਹੋਰ ਅੱਗੇ ਵਧਾਉਣ, ਫਲੌਲੀ ਵਿਖੇ 7.5 ਏਕੜ ਜ਼ਮੀਨ ਵਿਖੇ ਇਕ ਨਵਾਂ ਪਾਰਕ ਵਿਕਸਤ ਕਰਨ ਅਤੇ ਪਟਿਆਲਾ ਵਿਖੇ ਹੜ੍ਹਾਂ ਦੀ ਰੋਕਥਾਮ ਲਈ ਵੱਡੀ ਨਦੀ ਦੀ ਸਮਰੱਥਾ ਵਧਾਉਣ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ।
ਸਿਹਤ ਮੰਤਰੀ ਦਾ ਧੰਨਵਾਦ ਕਰਦੇ ਹੋਏ ‘ਮੇਰਾ ਪਟਿਆਲਾ ਮੈਂ ਹੀ ਸਵਾਰਾ’ ਦੇ ਐੱਚ. ਪੀ. ਐੱਸ. ਲਾਂਬਾ, ਕਰਨਲ ਜੇਵੀ ਅਤੇ ਕਰਨਲ ਕਰਮਿੰਦਰ ਸਿੰਘ ਨੇ ਇਸ ਦਿਨ ਨੂੰ ਮੁਹਿੰਮ ਲਈ ਇਕ ਇਤਿਹਾਸਕ ਪਲ ਦੱਸਿਆ।
Read More : ਨਿਊਜ਼ੀਲੈਂਡ ’ਚ ਕੁਝ ਲੋਕਾਂ ਵੱਲੋਂ ਨਗਰ-ਕੀਰਤਨ ਦਾ ਵਿਰੋਧ ਕਰਨਾ ਮੰਦਭਾਗਾ : ਧਾਮੀ
