Advocate Dhami

ਨਿਊਜ਼ੀਲੈਂਡ ’ਚ ਕੁਝ ਲੋਕਾਂ ਵੱਲੋਂ ਨਗਰ-ਕੀਰਤਨ ਦਾ ਵਿਰੋਧ ਕਰਨਾ ਮੰਦਭਾਗਾ : ਧਾਮੀ

ਅੰਮ੍ਰਿਤਸਰ, 11 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ-ਕੀਰਤਨ ਦਾ ਸਥਾਨਕ ਕੁਝ ਲੋਕਾਂ ਵੱਲੋਂ ਇਕ ਵਾਰ ਫਿਰ ਵਿਰੋਧ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਅੰਦਰ ਅਜਿਹਾ ਦੂਜੀ ਵਾਰ ਹੋਇਆ ਹੈ, ਜਿਸ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਦੀ ਮਜ਼ਬੂਤੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ-ਕੀਰਤਨ ਸਿੱਖ ਧਰਮ ਦੀ ਇਕ ਪਵਿੱਤਰ ਧਾਰਮਿਕ ਪ੍ਰੰਪਰਾ ਹੈ, ਜਿਸ ਦਾ ਵਿਰੋਧ ਸਿੱਖ ਧਰਮ ਦੀਆਂ ਮਾਨਵ ਹਿਤੈਸ਼ੀ ਕਦਰਾਂ-ਕੀਮਤਾਂ ਦੇ ਨਾਲ-ਨਾਲ ਸਮਾਜ ਦੀ ਆਪਸੀ ਸਾਂਝ ਲਈ ਵੀ ਚੁਣੌਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਦੇਸ਼ ਅੰਦਰ ਵਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ-ਮਿਲ ਕੇ ਰਹਿੰਦਾ ਹੈ ਅਤੇ ਉੱਥੋਂ ਦੇ ਕਾਨੂੰਨਾਂ ਅਤੇ ਸਥਾਨਕ ਸੱਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਇਸ ਦੇ ਬਾਵਜੂਦ ਵੀ ਮਿੱਥ ਕੇ ਸਿੱਖਾਂ ਨੂੰ ਧਰਮ ਪਾਲਣ ਤੋਂ ਰੋਕਣਾ ਨਿਰਾਸ਼ਾਜਨਕ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ।

Read More : ਰੂਸੀ ਸ਼ਹਿਰ ’ਚ ਡਰੋਨ ਹਮਲੇ ਨਾਲ ਔਰਤ ਦੀ ਮੌਤ

Leave a Reply

Your email address will not be published. Required fields are marked *