ਮੰਤਰੀ ਬਰਿੰਦਰ ਗੋਇਲ

ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮੁੱਲ-ਆਧਾਰਤ ਮਾਈਨਿੰਗ ਨਿਲਾਮੀ ਸ਼ੁਰੂ

ਕੈਬਨਿਟ ਨੇ ਮਾਲੀਆ ਵਧਾਉਣ ਅਤੇ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਮੁੱਲ-ਆਧਾਰਤ ਬੋਲੀ ਪ੍ਰਣਾਲੀ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 11 ਜਨਵਰੀ : ਪਾਰਦਰਸ਼ਤਾ ਅਤੇ ਜ਼ਿੰਮੇਵਾਰ ਸਰੋਤ ਪ੍ਰਬੰਧਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੀਆਂ ਮਾਈਨਿੰਗ ਸਾਈਟਾਂ ਲਈ ਨਵੀਂ ਨਿਲਾਮੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸੋਧੇ ਹੋਏ ਪੰਜਾਬ ਮਾਈਨਰ ਮਿਨਰਲ ਨਿਯਮਾਂ ਤਹਿਤ ਨਿਲਾਮੀ ਢਾਂਚੇ ਵਿਚ ਵੱਡੇ ਸੁਧਾਰ ਲਾਗੂ ਕੀਤੇ ਗਏ ਹਨ।

ਇਨ੍ਹਾਂ ਸੁਧਾਰਾਂ ਦੀ ਜਾਣਕਾਰੀ ਦਿੰਦਿਆਂ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਾਡੀ ਸਰਕਾਰ ਮਾਈਨਿੰਗ ਖੇਤਰ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਲੋਕ ਹਿੱਤ ਵਿਚ ਕਰਨ ਲਈ ਵਚਨਬੱਧ ਹੈ। ਪਾਰਦਰਸ਼ੀ ਆਨਲਾਈਨ ਨਿਲਾਮੀ ਪ੍ਰਣਾਲੀ ਅਪਣਾ ਕੇ ਅਸੀਂ ਸੂਬੇ ਦੇ ਮਾਲੀਏ ਦੀ ਰਾਖੀ ਕਰ ਰਹੇ ਹਾਂ, ਯੋਗ ਆਪ੍ਰੇਟਰਾਂ ਨੂੰ ਬਰਾਬਰ ਦੇ ਮੌਕੇ ਦੇ ਰਹੇ ਹਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ’ਤੇ ਲਗਾਮ ਕੱਸ ਰਹੇ ਹਾਂ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਸਰਕਾਰ ਨੇ ਖੁੱਲ੍ਹੀ ਅਤੇ ਮੁਕਾਬਲੇ ਵਾਲੀ ਆਨਲਾਈਨ ਬੋਲੀ ਪ੍ਰਕਿਰਿਆ ਰਾਹੀਂ 29 ਨਵੀਆਂ ਕਮਰਸ਼ੀਅਲ ਮਾਈਨਿੰਗ ਸਾਈਟਾਂ (ਸੀ. ਐੱਮ. ਸੀ.) ਦੀ ਨਿਲਾਮੀ ਕੀਤੀ। ਅਕਤੂਬਰ-ਨਵੰਬਰ ਵਿਚ ਸ਼ੁਰੂ ਹੋਈ ਨਿਲਾਮੀ ਵਿਚ 16 ਸਫਲ ਬੋਲੀਆਂ ਪ੍ਰਾਪਤ ਹੋਈਆਂ ਅਤੇ 11.61 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ। ਕੈਬਨਿਟ ਵੱਲੋਂ ਪ੍ਰਵਾਨ ਕੀਤੇ ਗਏ ਸੁਧਾਰਾਂ ਤਹਿਤ ਪੁਰਾਣੀ ਮਾਤਰਾ-ਆਧਾਰਤ ਨਿਲਾਮੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਵਿਚ ਬੋਲੀਦਾਤਾ ਸਾਈਟ ਦੇ ਵੱਧ ਤੋਂ ਵੱਧ ਹਿੱਸੇ ਨੂੰ ਚਲਾਉਣ ਦੀ ਪੇਸ਼ਕਸ਼ ਦੇ ਆਧਾਰ ’ਤੇ ਬੋਲੀ ਲਗਾਉਂਦੇ ਸਨ।

ਇਸ ਪ੍ਰਣਾਲੀ ਵਿਚ ਅਕਸਰ ਸਾਰੇ ਬੋਲੀਦਾਤਾ 100 ਫੀਸਦੀ ਮਾਤਰਾ ਦਾ ਦਾਅਵਾ ਕਰਦੇ ਸਨ, ਜਿਸ ਕਾਰਨ ਡਰਾਅ ਰਾਹੀਂ ਚੋਣ ਕਰਨੀ ਪੈਂਦੀ ਸੀ। ਇਸ ਨਾਲ ਸਮੇਂ ਦੇ ਨਾਲ ਮਾਲੀਏ ਵਿਚ ਕਮੀ, ਗੈਰ-ਗੰਭੀਰ ਬੋਲੀਦਾਤਿਆਂ ਦੀ ਗਿਣਤੀ ਵਿਚ ਵਾਧਾ, ਨਿਵੇਸ਼ ਵਚਨਬੱਧਤਾਵਾਂ ਵਿਚ ਕਮੀ ਅਤੇ ਖੱਡਾਂ ਦੇ ਸੰਚਾਲਨ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਸਨ, ਕਿਉਂਕਿ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਸਰਕਾਰ ਨੂੰ ਲੈਣੀਆਂ ਪੈਂਦੀਆਂ ਸਨ।

ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਕੈਬਨਿਟ ਨੇ ਦੇਸ਼ ਭਰ ਵਿਚ ਅਪਣਾਏ ਜਾ ਰਹੇ ਉੱਤਮ ਅਭਿਆਸਾਂ ਦੇ ਅਨੁਸਾਰ ਸੰਰਚਨਾਤਮਕ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਨਿਲਾਮੀ ਮੁਕਾਬਲੇ ਵਾਲੀ ਮੁੱਲ-ਆਧਾਰਤ ਬੋਲੀ ’ਤੇ ਆਧਾਰਤ ਹੋਵੇਗੀ, ਜਿਸ ਨਾਲ ਨਿਰਪੱਖ ਅਲਾਟਮੈਂਟ ਅਤੇ ਬਿਹਤਰ ਮਾਲੀਆ ਯਕੀਨੀ ਹੋਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪਹਿਲੇ ਪੜਾਅ ਵਿਚ 29 ਸਾਈਟਾਂ ਦੀ ਨਿਲਾਮੀ ਤੋਂ ਬਾਅਦ ਆਗਾਮੀ ਪੜਾਵਾਂ ਵਿਚ ਲੱਗਭਗ 100 ਹੋਰ ਸਾਈਟਾਂ ਦੀ ਨਿਲਾਮੀ ਕੀਤੀ ਜਾਵੇਗੀ।

ਇਨ੍ਹਾਂ ਸੁਧਾਰਾਂ ਨਾਲ ਕੱਚੇ ਮਾਲ ਦੀ ਕਾਨੂੰਨੀ ਸਪਲਾਈ ਵਧੇਗੀ, ਸੰਚਾਲਨ ਦੀ ਸਮਾਂ-ਸੀਮਾ ਵਿਚ ਤੇਜ਼ੀ ਆਵੇਗੀ, ਰੈਗੂਲੇਟਰੀ ਪ੍ਰਣਾਲੀ ਵਿਚ ਪਾਰਦਰਸ਼ਤਾ ਆਵੇਗੀ ਅਤੇ ਸਰਕਾਰੀ ਮਾਲੀਏ ਵਿਚ ਮਹੱਤਵਪੂਰਨ ਵਾਧਾ ਹੋਵੇਗਾ।

Read More : ਕਾਂਗਰਸ ਹਮੇਸ਼ਾ ਵਾਂਗ ਇਕਜੁੱਟ ਤੇ ਸਮੂਹਿਕ ਅਗਵਾਈ ਹੇਠ ਲੜੇਗੀ 2027 ਦੀਆਂ ਚੋਣਾਂ : ਭੁਪੇਸ਼ ਬਘੇਲ

Leave a Reply

Your email address will not be published. Required fields are marked *