ਸ੍ਰੀ ਮੁਕਤਸਰ ਸਾਹਿਬ-ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਵਿਚ 14 ਜਨਵਰੀ ਤੋਂ ਮੇਲਾ ਮਾਘੀ ਪ੍ਰਾਰੰਭ ਹੋ ਜਾਵੇਗਾ। ਰਵਾਇਤੀ ਤੌਰ ’ਤੇ ਇਹ ਮੇਲਾ 14 ਅਤੇ 15 ਜਨਵਰੀ ਦੋ ਦਿਨ ਚਲੇਗਾ ਪਰ ਮਲੋਟ ਰੋਡ ’ਤੇ ਮਨੋਰੰਜਨ ਮੇਲਾ ਦੇ ਕਾਰਨ ਕਰੀਬ ਦੋ ਮਹੀਨੇ ਤੱਕ ਮੁਕਤਸਰ ਵਿੱਚ ਮਾਘੀ ਮੇਲੇ ਦੀ ਰੌਣਕ ਲੱਗੀ ਰਹਿੰਦੀ ਹੈ।
ਲੋਹੜੀ ਦੀ ਰਾਤ ਤੋਂ ਹੀ ਮੁਕਤਸਰ ਵਿੱਚ ਚਾਲੀ ਮੁਕਤਿਆਂ ਨੂੰ ਨਮਨ ਕਰਨ ਲਈ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸੰਗਤ ਨੇ ਲੋਹੜੀ ਦੀ ਰਾਤ ਤੋਂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਮੰਗਲਵਾਰ ਦੀ ਸਵੇਰ ਚਾਰ ਵਜੇ ਤੋਂ ਹੀ ਵੱਡੀ ਸੰਖਿਆ ਵਿੱਚ ਸੰਗਤ ਗੁਰਦੁਆਰਾ ਸਾਹਿਬ ਉਮੜੇਗੀ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਚਾਲੀ ਮੁਕਤਿਆਂ ਨੂੰ ਨਮਨ ਕਰੇਗੀ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਰਾਗੀ, ਢਾਡੀ ਜਥੇ ਅਤੇ ਵਿਦਵਾਨ ਗੁਰੂ ਜਸ ਦਾ ਗੁਣਗਾਨ ਕਰਨਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਵਿਸ਼ੇਸ਼ ਢਾਡੀ ਸਮਾਰੋਹ ਹੋਵੇਗਾ ਅਤੇ ਇਸੇ ਦਿਨ ਗੁਰਦੁਆਰਾ ਤੰਬੂ ਸਾਹਿਬ ਵਿੱਚ 11 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।
ਇਸੇ ਦਿਨ ਨਗਰ ਕੀਰਤਨ ਕੱਢੇ ਜਾਣਗੇ ਅਤੇ ਮੇਲਾ ਮਾਘੀ ਰਵਾਇਤੀ ਤੌਰ ’ਤੇ ਸੰਪੰਨ ਹੋ ਜਾਵੇਗਾ। ਗੁਰਦੁਆਰਾ ਸਾਹਿਬ ਦੇ ਗੇਟ ਨੰਬਰ ਚਾਰ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜੋ ਕਿ ਗੁਰਦੁਆਰਾ ਟਿੱਬੀ ਸਾਹਿਬ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਿੱਖ ਇਤਿਹਾਸ ਨੂੰ ਦਰਸ਼ਾਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸ਼ਹਿਰ ਦੇ ਇਤਿਹਾਸਿਕ ਗੁਰੂ ਘਰ ਸ਼੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣਗੇ।
