Harcharan-Singh-Bhullar

ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਸਾਬਕਾ ਡੀ.ਆਈ.ਜੀ. ਭੁੱਲਰ ਨੂੰ ਮਿਲੀ ਜ਼ਮਾਨਤ

ਨਿਰਧਾਰਤ ਸਮੇਂ ’ਚ ਚਲਾਨ ਪੇਸ਼ ਕਰਨ ’ਚ ਨਾਕਾਮ ਰਹੀ ਸੀ.ਬੀ.ਆਈ.

ਚੰਡੀਗੜ੍ਹ, 5 ਜਨਵਰੀ : ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਪੁਲਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਵੱਡੀ ਰਾਹਤ ਦਿੰਦਿਆਂ ਆਮਦਨ ਤੋਂ ਵੱਧ ਜਾਇਦਾਦ ਦੇ ਇਕ ਮਾਮਲੇ ’ਚ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਇਹ ਰਾਹਤ ਇਸ ਲਈ ਦਿੱਤੀ ਕਿਉਂਕਿ ਸੀ.ਬੀ.ਆਈ. ਨਿਰਧਾਰਤ 60 ਦਿਨਾਂ ਦੀ ਸਮਾਂ ਸੀਮਾ ਅੰਦਰ ਮੁਲਜ਼ਮ ਵਿਰੁੱਧ ਅਦਾਲਤ ’ਚ ਚਾਰਜਸ਼ੀਟ ਦਾਇਰ ਕਰਨ ਵਿਚ ਅਸਫਲ ਰਹੀ।

ਸੁਣਵਾਈ ਦੌਰਾਨ ਸੀ.ਬੀ.ਆਈ. ਦੇ ਵਕੀਲ ਨਰਿੰਦਰ ਸਿੰਘ ਨੇ ਦਲੀਲ ਦਿੱਤੀ ਕਿ ਆਮਦਨ ਤੋਂ ਵੱਧ ਜਾਇਦਾਦ ਵਰਗੇ ਗੰਭੀਰ ਮਾਮਲਿਆਂ ’ਚ ਚਾਰਜਸ਼ੀਟ ਦਾਇਰ ਕਰਨ ਲਈ 90 ਦਿਨਾਂ ਦੀ ਕਾਨੂੰਨੀ ਸਮਾਂ ਸੀਮਾ ਮਿਲਦੀ ਹੈ। ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ।

ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ 29 ਅਕਤੂਬਰ ਨੂੰ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵਿਰੁੱਧ ਰਿਸ਼ਵਤ ਮਾਮਲੇ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਭੁੱਲਰ ਉਸ ਸਮੇਂ ਪਹਿਲਾਂ ਤੋਂ ਹੀ ਰਿਸ਼ਵਤ ਮਾਮਲੇ ’ਚ ਨਿਆਂਇਕ ਹਿਰਾਸਤ ’ਚ ਸਨ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ 5 ਨਵੰਬਰ ਨੂੰ ਦਿਖਾਈ ਗਈ ਸੀ।

60 ਦਿਨਾਂ ’ਚ ਚਲਾਨ ਨਹੀਂ, ਇਸ ਲਈ ਡਿਫਾਲਟ ਬੇਲ

ਭੁੱਲਰ ਵੱਲੋਂ ਸੀਨੀਅਰ ਵਕੀਲ ਐੱਸ.ਪੀ.ਐੱਸ. ਭੁੱਲਰ, ਯੁਵਰਾਜ ਧਾਲੀਵਾਲ ਅਤੇ ਸਮਰਿਤਾ ਨੇ ਦਾਇਰ ਪਟੀਸ਼ਨ ਸਬੰਧੀ ਅਦਾਲਤ ’ਚ ਦਲੀਲ ਦਿੰਦਿਆਂ ਕਿਹਾ ਕਿ ਸੀ.ਬੀ.ਆਈ. 60 ਦਿਨਾਂ ਦੀ ਕਾਨੂੰਨੀ ਮਿਆਦ ਅੰਦਰ ਚਾਰਜਸ਼ੀਟ ਦਾਇਰ ਨਹੀਂ ਕਰ ਸਕੀ, ਇਸ ਲਈ ਪਟੀਸ਼ਨਕਰਤਾ ਮੁਲਜ਼ਮ ਨੂੰ ਡਿਫਾਲਟ ਬੇਲ ਦਾ ਲਾਭ ਮਿਲਣਾ ਚਾਹੀਦਾ ਹੈ।

ਸਰਕਾਰੀ ਧਿਰ ਵੱਲੋਂ ਕਿਹਾ ਗਿਆ ਕਿ ਅਜਿਹੇ ਗੰਭੀਰ ਮਾਮਲਿਆਂ ਵਿਚ 90 ਦਿਨਾਂ ਦਾ ਸਮਾਂ ਮਿਲਣਾ ਚਾਹੀਦਾ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਹਿਲਾਂ ਹੁਕਮ ਸੁਰੱਖਿਅਤ ਰੱਖਿਆ ਅਤੇ ਬਾਅਦ ਵਿਚ ਭੁੱਲਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ਜ਼ਮਾਨਤ ਪ੍ਰਕਿਰਿਆ ਤਹਿਤ ਭੁੱਲਰ ਦੇ ਵਕੀਲਾਂ ਨੇ ਜ਼ਮਾਨਤੀ ਵੀ ਪੇਸ਼ ਕੀਤੇ।

ਭੁੱਲਰ ਦੀ ਜੇਲ੍ਹ ਤੋਂ ਹਾਲੇ ਨਹੀਂ ਹੋਵੇਗੀ ਰਿਹਾਈ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜ਼ਮਾਨਤ ਮਿਲਣ ਦੇ ਬਾਵਜੂਦ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਫ਼ਿਲਹਾਲ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਣਗੇ। ਦਰਅਸਲ ਉਨ੍ਹਾਂ ’ਤੇ ਜਬਰੀ ਵਸੂਲੀ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਹੋਰ ਮਾਮਲੇ ਵਿਚ ਉਨ੍ਹਾਂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ।

ਉਸ ਮਾਮਲੇ ’ਚ ਭੁੱਲਰ ਨੇ ਅਜੇ ਤੱਕ ਹਾਈ ਕੋਰਟ ਦਾ ਰੁਖ਼ ਨਹੀਂ ਕੀਤਾ। ਇਸ ਲਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਵੀ ਭੁੱਲਰ ਨੂੰ ਹਾਲੇ ਨਿਆਂਇਕ ਹਿਰਾਸਤ ’ਚ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

Read More : ਗਰੀਬੀ ਤੋਂ ਤੰਗ ਪਿਤਾ ਨੇ 2 ਮਾਸੂਮ ਧੀਆਂ ਸਮੇਤ ਜ਼ਹਿਰ ਨਿਗਲ ਕੇ ਦਿੱਤੀ ਜਾਨ

Leave a Reply

Your email address will not be published. Required fields are marked *