ਆਈਪੀਐੱਲ

ਬੰਗਲਾਦੇਸ਼ ਨੇ ਆਈ.ਪੀ.ਐੱਲ. ਦੇ ਪ੍ਰਸਾਰਣ ’ਤੇ ਲਾਈ ਪਾਬੰਦੀ

ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਕੇ.ਕੇ.ਆਰ. ਵਿਚੋਂ ਬਾਹਰ ਦਾ ਮਾਮਲਾ

ਢਾਕਾ, 5 ਜਨਵਰੀ : ਬੰਗਲਾਦੇਸ਼ ਨੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਨੂੰ ਬੀ. ਸੀ. ਸੀ. ਆਈ. ਦੇ ਨਿਰਦੇਸ਼ਾਂ ’ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ‘ਰਿਲੀਜ਼’ ਕੀਤੇ ਜਾਣ ਤੇ ਸਿਆਸੀ ਸਬੰਧਾਂ ਵਿਚ ਭਾਰਤ ਨਾਲ ਆਈ ਗਿਰਾਵਟ ਤੋਂ ਬਾਅਦ ਇਸ ਟੀ-20 ਲੀਗ ਦੇ ਆਗਾਮੀ ਸੈਸ਼ਨ ਦੇ ਆਪਣੇ ਦੇਸ਼ ਵਿਚ ਪ੍ਰਸਾਰਣ ’ਤੇ ਸੋਮਵਾਰ ਨੂੰ ਪਾਬੰਦੀ ਲਾ ਦਿੱਤੀ ਹੈ।

ਮੁਹੰਮਦ ਯੂਨਸ ਦੀ ਅੰਤ੍ਰਿਮ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਫ੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਰਹਿਮਾਨ ਨੂੰ 2026 ਦੀ ਟੀਮ ਤੋਂ ‘ਰਿਲੀਜ਼’ ਕਰਨ ਦਾ ਨਿਰਦੇਸ਼ ਦਿੰਦੇ ਸਮੇਂ ਕੋਈ ‘ਸਪੱਸ਼ਟ ਕਾਰਨ’ ਨਹੀਂ ਦੱਸਿਆ।

ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਦਾ ਆਗਾਜ਼ 26 ਮਾਰਚ ਤੋਂ ਹੋਵੇਗਾ। ਆਈ. ਪੀ. ਐੱਲ. ਦੇ ਪ੍ਰਸਾਰਣ ’ਤੇ ਪਾਬੰਦੀ ਲਾਉਣ ਦਾ ਇਹ ਕਦਮ ਬੰਗਲਾਦੇਸ਼ ਵੱਲੋਂ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤ ਜਾਣ ਤੋਂ ਇਨਕਾਰ ਕਰਨ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਟੂਰਨਾਮੈਂਟ ਦੇ ਸਾਂਝੇ ਮੇਜ਼ਬਾਨ ਸ਼੍ਰੀਲੰਕਾ ਵਿਚ ਆਪਣੇ ਸਾਰੇ ਲੀਗ ਮੈਚ ਸ਼ਿਫਟ ਕਰਨ ਦੀ ਅਪੀਲ ਦੇ ਇਕ ਦਿਨ ਬਾਅਦ ਆਇਆ ਹੈ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਤੋਂ ਭਾਰਤ-ਬੰਗਲਾਦੇਸ਼ ਸਬੰਧ ਤਣਾਅਪੂਰਨ ਹੋ ਗਏ ਹਨ। ਸ਼ੇਖ ਹਸੀਨਾ ਪਿਛਲੇ ਸਾਲ ਅਗਸਤ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਤੋਂ ਭਾਰਤ ਵਿਚ ਹੈ। ਉਸ ਨੂੰ ਅੰਦੋਲਨ ਦੌਰਾਨ ਕਾਰਵਾਈ ਵਿਚ ਕਥਿਤ ਭੂਮਿਕਾ ਲਈ ਇਕ ਪੰਚਾਟ ਨੇ ਮੌਤ ਦੀ ਸਜ਼ਾ ਸੁਣਾਈ ਹੈ।

ਇਸ ਕਾਰਵਾਈ ਵਿਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਹਸੀਨਾ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਤੋਂ ਹਿੰਦੂਆਂ ਨੂੰ ਹਿੰਸਕ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Read More : ਰਾਜ ਚੋਣ ਕਮਿਸ਼ਨ ਵੱਲੋਂ ਸਰਪੰਚਾਂ-ਪੰਚਾਂ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ

Leave a Reply

Your email address will not be published. Required fields are marked *