ਪਿਓ ਨੂੰ ਲੜਕੀ ਦਾ ਘਰੋਂ ਬਾਹਰ ਰਹਿ ਕੇ ਪੜ੍ਹਨਾ ਪਸੰਦ ਨਹੀਂ ਸੀ
ਮਲੋਟ, 4 ਜਨਵਰੀ : ਨਵੇਂ ਸਾਲ ਦੀ ਸ਼ੁਰੂਆਤ ’ਚ ਮਲੋਟ ਉਪ ਮੰਡਲ ਅੰਦਰ ਇਕ ਮੰਦਭਾਗੀ ਘਟਨਾ ਵਾਪਰੀ। ਥਾਣਾ ਕਬਰਵਾਲਾ ਦੇ ਪਿੰਡ ਮਿੱਡਾ ਵਿਖੇ ਇਕ ਵਿਅਕਤੀ ਨੇ ਕਹੀ ਮਾਰ ਕੇ ਆਪਣੀ 18 ਸਾਲਾ ਦੀ ਧੀ ਦਾ ਕਤਲ ਕਰ ਦਿੱਤਾ। ਲੜਕੀ ਮੋਹਾਲੀ ਵਿਖੇ ਪੜ੍ਹਾਈ ਕਰ ਰਹੀ ਸੀ ਪਰ ਪਿਓ ਨੂੰ ਉਸ ਦਾ ਪੜ੍ਹਨਾ ਪਸੰਦ ਨਹੀਂ ਸੀ। ਘਟਨਾ ਦਾ ਪਤਾ ਲੱਗਣ ਸਾਰ ਡੀ. ਐੱਸ. ਪੀ. ਹਰਬੰਸ ਸਿੰਘ, ਐੱਸ. ਐੱਚ. ਓ. ਕਬਰਵਾਲਾ ਹਰਪ੍ਰੀਤ ਕੌਰ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜ ਗਏ।
ਐੱਸ. ਐੱਚ. ਓ. ਹਰਪ੍ਰੀਤ ਕੌਰ ਨੇ ਦੱਸਿਆ ਕਿ ਚਮਨਪ੍ਰੀਤ ਕੌਰ ਪੁੱਤਰੀ ਹਰਪਾਲ ਸਿੰਘ ਸੀ. ਜੀ. ਸੀ. ਮੋਹਾਲੀ ਵਿਖੇ ਬੀ. ਕਾਮ ਦੀ ਪੜ੍ਹਾਈ ਕਰ ਰਹੀ ਸੀ ਅਤੇ ਉਥੇ ਹੀ ਪੀ. ਜੀ. ’ਚ ਰਹਿੰਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀ ਪੜ੍ਹਾਈ ’ਚ ਬਹੁਤ ਹੁਸ਼ਿਆਰ ਸੀ ਅਤੇ ਖੇਡਾਂ ’ਚ ਪੰਜਾਬ ਪੱਧਰ ’ਤੇ ਮੈਡਲ ਹਾਸਲ ਕਰ ਚੁੱਕੀ ਹੈ। ਲੜਕੀ ਦੇ ਪਿਓ ਨੂੰ ਉਸ ਦਾ ਘਰੋਂ ਬਾਹਰ ਰਹਿ ਕੇ ਪੜ੍ਹਨਾ ਪਸੰਦ ਨਹੀਂ ਸੀ, ਜਿਸ ਕਰ ਕੇ ਉਹ ਨਾਰਾਜ਼ ਰਹਿੰਦਾ ਸੀ। ਅੱਜ ਸਵੇਰੇ 7 ਵਜੇ ਹਰਪਾਲ ਸਿੰਘ ਨੇ ਕਹੀ ਮਾਰ ਕੇ ਚਮਨਪ੍ਰੀਤ ਦਾ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਲੜਕੀ ਦੀ ਮਾਂ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਉਸ ਦੇ ਪਤੀ ਹਰਪਾਲ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਕਰਾਉਣ ਲਈ ਲਾਸ਼ ਸਰਕਾਰੀ ਹਸਪਤਾਲ ਭੇਜ ਦਿੱਤੀ ਗਈ ਹੈ।
Read More : ਨਸ਼ਾ ਸਮੱਗਲਰਾਂ ਵੱਲੋਂ ਛੱਤੇ ਪੰਚਾਇਤੀ ਰਸਤੇ ਨੂੰ ਢਾਹਿਆ
