ਏਕਤਾ ਲਈ ਅੱਜ ਹੋਵੇਗੀ ਐੱਸ. ਕੇ. ਐੱਮ. ਅਤੇ ਸ਼ੰਭੂ ਖਨੌਰੀ ਮੋਰਚਿਆਂ ਦੇ ਕਿਸਾਨ ਨੇਤਾਵਾਂ ਵਿਚਾਲੇ ਮੀਟਿੰਗ

- ਖਨੌਰੀ – ਐੱਸ. ਕੇ. ਐੱਮ. ਸਮੇਤ ਹੋਰ 13 ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 48ਵੇਂ ਦਿਨ ’ਚ ਪਹੁੰਚ ਗਿਆ ਹੈ। ਉਹ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿਚਾਲੇ ਜੂਝ ਰਹੇ ਹਨ।
- ਦੂਸਰੇ ਪਾਸੇ ਅੱਜ ਖਨੌਰੀ ਬਾਰਡਰ ’ਤੇ ਠੰਢ ਕਾਰਨ ਇਕ ਹੋਰ ਕਿਸਾਨ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਹੈ।
- ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਹਾਲਤ ਨੂੰ ਦੇਖ ਕੇ ਅੱਜ ਸਰਕਾਰ ਨੇ ਮੁੜ ਖਨੌਰੀ ਬਾਰਡਰ ’ਤੇ ਪਹੁੰਚ ਕੇ ਡੱਲੇਵਾਲ ਦੀ ਸਿਹਤ ਦੀ ਜਾਂਚ ਕੀਤੀ ਪਰ ਉਨ੍ਹਾਂ ਨੇ ਕਿਸੇ ਵੀ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਹਾਲਾਤ ਲਗਾਤਾਰ ਚਿੰਤਾਜਨਕ ਬਣਦੇ ਜਾ ਰਹੇ ਹਨ।
- ਡੱਲੇਵਾਲ ਦੇ ਸਰੀਰ ’ਚ ਪਾਣੀ ਲਗਾਤਾਰ ਘੱਟ ਰਿਹਾ ਹੈ। ਉਨ੍ਹਾਂ ਨੂੰ ਹੋਰ ਕਈ ਭਿਆਨਕ ਬੀਮਾਰੀਆਂ ਨੇ ਘੇਰ ਲਿਆ ਹੈ, ਜਿਸ ਕਾਰਨ ਪੂਰੀ ਟੀਮ ’ਚ ਬੇਹੱਦ ਚਿੰਤਾ ਬਣੀ ਹੋਈ ਹੈ।
- ਉੱਧਰੋਂ ਖਨੌਰੀ ਬਾਰਡਰ ’ਤੇ ਇਕ ਕਿਸਾਨ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਗੋਦਾਰਾ ਜ਼ਿਲਾ ਫਰੀਦਕੋਟ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਖਨੌਰੀ ਬਾਰਡਰ ’ਤੇ ਡਟਿਆ ਹੋਇਆ ਹੈ, ਦੀ ਅਚਨਚੇਤ ਠੰਢ ਕਾਰਨ ਸਿਹਤ ਖਰਾਬ ਹੋ ਗਈ, ਜਿਸ ਨੂੰ ਮੁੱਢਲਾ ਮੈਡੀਕਲ ਟ੍ਰੀਟਮੈਂਟ ਦੇਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।
- ਕਿਸਾਨੀ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਅੱਜ ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ, ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾਵਾਂ ਦੀ ਮੀਟਿੰਗ ਹੋਈ, ਜਿਸ ’ਚ ਕਈ ਅਹਿਮ ਫੈਸਲੇ ਲਏ ਗਏ।
- ਮੋਰਚੇ ਦੇ ਨੇਤਾਵਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ, ਜਿਨਾ ਨੇ ਮੋਰਚੇ ਦੀ ਅਪੀਲ ਤੋਂ ਬਾਅਦ ਆਪਸੀ ਤਾਲਮੇਲ ਕਮੇਟੀ ਦੀ ਮੀਟਿੰਗ 13 ਫਰਵਰੀ ਨੂੰ ਪਾਤੜਾਂ ਵਿਖੇ ਰੱਖ ਲਈ ਹੈ ਤਾਂ ਜੋ ਕਿਸਾਨਾਂ ਦੀ ਪੂਰੀ ਏਕਤਾ ਹੋ ਕੇ ਸੰਘਰਸ਼ ਨੂੰ ਅਗੇ ਵਧਾਇਆ ਜਾ ਸਕੇ ਅਤੇ ਮੋਦੀ ਦੀਆਂ ਜੜਾਂ ਹਿਲਾਈਆਂ ਜਾ ਸਕਣ।
- ਹਰਿਆਣਾ ਦੇ ਕਿਸਾਨਾਂ ਦਾ ਜਥਾ ਪਹੁੰਚਿਆ ਖਨੌਰੀ, ਕੀਤੀ ਰੋਸ ਰੈਲੀ
- ਉੱਧਰੋਂ ਅੱਜ ਹਰਿਆਣਾ ਦੇ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਵਿਖੇ ਪੁੱਜਾ ਅਤੇ ਉਨ੍ਹਾਂ ਜ਼ੋਰਦਾਰ ਰੋਸ ਰੈਲੀ ਵੀ ਕੀਤੀ। ਇਸ ਮੌਕੇ ਕਿਸਾਨ ਨੇਤਾਵਾਂ ਨੇੇ ਐਲਾਨ ਕੀਤਾ ਕਿ ਹਰਿਆਣਾ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਨਾਲ ਖੜ੍ਹੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਕੋਈ ਅਣਹੋਣੀ ਹੋ ਗਈ ਤਾਂ ਇਹ ਸੰਘਰਸ਼ ਇਨ੍ਹਾਂ ਵਿਰਾਟ ਹੋ ਜਾਵੇਗਾ ਕਿ ਇਸ ਨੂੰ ਕੇਂਦਰ ਸਰਕਾਰ ਸੰਭਾਲ ਨਹੀਂ ਸਕੇਗੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਹੁਣ ਡੱਲੇਵਾਲ ਲਈ ਹੋਰ ਹਜ਼ਾਰਾਂ ਕਿਸਾਨ ਕੁਰਬਾਨੀ ਕਰਨ ਲਈ ਤਿਆਰ ਹਨ।
- ਡੱਲੇਵਾਲ ਨੇ ਲਿਖਿਆ ਧਾਰਮਿਕ ਸੰਤਾਂ-ਮਹਾਪੁਰਸ਼ਾਂ ਨੂੰ ਪੱਤਰ
ਇਸ ਮੌਕੇ 48 ਦਿਨ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਦੇਸ਼ ਦੇ ਸੰਤਾਂ-ਮਹਾਪੁਰਸ਼ਾਂ ਅਤੇ ਧਾਰਮਿਕ ਗੁਰੂਆਂ ਨੂੰ ਬੇਨਤੀ ਪੱਤਰ ਲਿਖਦਿਆਂ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਅਗੇ ਆਉਣ।
ਉਨ੍ਹਾਂ ਸਾਰੇ ਧਾਰਮਿਕ ਸੰਸਥਾਵਾਂ ਨੂੰ ਲਿਖਿਆ ਕਿ ਮੋਦੀ ਸਰਕਾਰ ਜਾਣਬੁਝ ਕੇ ਦੇਸ਼ ਦੀ ਕਿਸਾਨੀ, ਜੋ ਕਿ ਦੇਸ਼ ਦੀ ਅਰਥ-ਵਿਵਸਥਾ ਦੀ ਰੀੜ ਦੀ ਹੱਡੀ ਹੈ, ਨੂੰ ਖਤਮ ਕਰਨਾ ਚਾਹੁੰਦੀ ਹੈ।
ਉਨ੍ਹਾਂ ਆਖਿਆ ਕਿ ਜੇਕਰ ਸਮੁੱਚੇ ਦੇਸ਼ ਦੇ ਸੰਤ-ਮਹਾਤਮਾ ਇਸ ਸੰਘਰਸ਼ ਨੂੰ ਸਹਿਯੋਗ ਦੇਣ ਤਾਂ ਮੋਦੀ ਸਰਕਾਰ ਨੂੰ ਝੁਕਾਇਆ ਜਾ ਸਕੇਗਾ।