ਸੀ.ਬੀ.ਐੱਸ.ਈ.

ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੇ 3 ਮਾਰਚ ਨੂੰ ਹੋਣ ਵਾਲੇ ਪੇਪਰਾਂ ਦੀ ਤਰੀਕ ਬਦਲੀ

ਚੰਡੀਗੜ੍ਹ, 30 ਦਸੰਬਰ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਸ਼ਡਿਊਲ ’ਚ ਮਹੱਤਵਪੂਰਨ ਬਦਲਾਅ ਕੀਤਾ ਹੈ।

ਬੋਰਡ ਵਲੋਂ ਜਾਰੀ ਅਧਿਕਾਰਤ ਸੂਚਨਾ ਮੁਤਾਬਕ ਪ੍ਰਸ਼ਾਸਨਿਕ ਕਾਰਨਾਂ ਕਰ ਕੇ 3 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਅੱਗੇ ਵਧਾ ਦਿੱਤੀਆਂ ਗਈਆਂ ਹਨ। ਬੋਰਡ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਚੋਣੇ ਹੋਏ ਵਿਸ਼ਿਆਂ ਤੋਂ ਇਲਾਵਾ ਬਾਕੀ ਸਾਰੀਆਂ ਪ੍ਰੀਖਿਆਵਾਂ ਆਪਣੇ ਪੁਰਾਣੇ ਤੈਅ ਸਮੇਂ ’ਤੇ ਹੀ ਲਈਆਂ ਜਾਣਗੀਆਂ।

ਕਲਾਸ 10ਵੀਂ ਅਤੇ 12ਵੀਂ ਦਾ ਨਵਾਂ ਸ਼ਡਿਊਲ

ਸੋਧੀਆਂ ਹੋਈਆਂ ਤਰੀਕਾਂ ਮੁਤਾਬਕ ਕਲਾਸ 10ਵੀਂ ਦੀ ਜੋ ਪ੍ਰੀਖਿਆ ਪਹਿਲਾਂ 3 ਮਾਰਚ ਨੂੰ ਹੋਣੀ ਸੀ, ਉਹ ਹੁਣ 11 ਮਾਰਚ ਨੂੰ ਲਈ ਜਾਵੇਗੀ। ਇਸੇ ਤਰ੍ਹਾਂ ਕਲਾਸ 12ਵੀਂ ਦੀ 3 ਮਾਰਚ ਨੂੰ ਵਾਲੀ ਪ੍ਰੀਖਿਆ ਹੁਣ 10 ਅਪ੍ਰੈਲ ਨੂੰ ਲਈ ਜਾਵੇਗੀ। ਬੋਰਡ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਬਦਲਾਅ ਸਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮੇਂ ਸਿਰ ਸੂਚਿਤ ਕਰਨ, ਤਾਂਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

ਇਕ ਹੀ ਸ਼ਿਫਟ ’ਚ ਹੋਵੇਗੀ ਪ੍ਰੀਖਿਆ

ਸੀ. ਬੀ. ਐੱਸ. ਈ. ਦੀ ਆਖਰੀ ਡੇਟਸ਼ੀਟ ਮੁਤਾਬਕ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਇਕ ਹੀ ਸ਼ਿਫਟ ਵਿਚ ਹੋਣਗੀਆਂ। ਜ਼ਿਆਦਾਤਰ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।

ਹਾਲਾਂਕਿ ਕੁਝ ਵਿਸ਼ੇਸ਼ ਵਿਸ਼ਿਆਂ ਲਈ ਪ੍ਰੀਖਿਆ ਦਾ ਸਮਾਂ ਘੱਟ ਰੱਖਿਆ ਗਿਆ ਹੈ, ਜੋ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਲਈਆਂ ਜਾਣਗੀਆਂ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਐਡਮਿਟ ਕਾਰਡ ’ਤੇ ਦਿੱਤੇ ਗਏ ਸਮੇਂ ਅਤੇ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹ ਲੈਣ।

Read More : ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ’ਤੇ 3 ਫੀਸਦੀ ਦੀ ਛੋਟ

Leave a Reply

Your email address will not be published. Required fields are marked *