ਚੰਡੀਗੜ੍ਹ, 30 ਦਸੰਬਰ : ਪੰਜਾਬ ’ਚ ਆਮ ਆਦਮੀ ਪਾਰਟੀ ਨੇ ਗਰੀਬਾਂ ਅਤੇ ਮਜ਼ਦੂਰਾਂ ਦੇ ਹਿੱਤ ਵਿਚ ਇਕ ਬੇਮਿਸਾਲ ਕਦਮ ਚੁੱਕਿਆ ਹੈ। ਪਾਰਟੀ ਦੇ ਵਿਧਾਇਕਾਂ ਨੇ ਸੂਬੇ ਦੇ 10 ਲੱਖ ਤੋਂ ਵੱਧ ਮਨਰੇਗਾ ਮਜ਼ਦੂਰ ਪਰਿਵਾਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸਿੱਧਾ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ‘ਆਪ’ ਵਿਧਾਇਕਾਂ ਨੇ ਮਜ਼ਦੂਰਾਂ ਵੱਲੋਂ ਲਿਖੀਆਂ ਲੱਖਾਂ ਚਿੱਠੀਆਂ ਸਦਨ ’ਚ ਪੇਸ਼ ਕੀਤੀਆਂ। ਇਨ੍ਹਾਂ ਚਿੱਠੀਆਂ ’ਚ ਮਜ਼ਦੂਰ ਪਰਿਵਾਰਾਂ ਦੀ ਮਜ਼ਦੂਰੀ ’ਚ ਦੇਰੀ, ਸਮੇਂ ਸਿਰ ਕੰਮ ਨਾ ਮਿਲਣ ਅਤੇ ਗੁਜ਼ਾਰੇ ’ਚ ਆ ਰਹੀਆਂ ਮੁਸ਼ਕਲਾਂ ਨੂੰ ਉਜਾਗਰ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਹਿਲ ਕੇਂਦਰ ਸਰਕਾਰ ਨੂੰ ਮਜ਼ਦੂਰਾਂ ਦੀ ਅਸਲੀ ਸਥਿਤੀ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਹਿੱਤਾਂ ਲਈ ਜਲਦ ਹੱਲ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ਵਿਧਾਇਕਾਂ ਨੇ ਸਪੱਸ਼ਟ ਕੀਤਾ ਕਿ ਇਹ ਯਤਨ ਸਿਰਫ਼ ਵਿਧਾਨ ਸਭਾ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਇਨ੍ਹਾਂ ਮੰਗਾਂ ਨੂੰ ਸਿੱਧਾ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇਗਾ। ਇਹ ਕਦਮ ‘ਆਪ’ ਦੀ ਗਰੀਬ ਅਤੇ ਮਿਹਨਤਕਸ਼ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤੀ ਨਾਲ ਦਰਸਾਉਂਦਾ ਹੈ।
Read More : ਹੈਰੋਇਨ ਤੇ ਆਈ.ਸੀ.ਈ. ਸਪਲਾਈ ਚੇਨ ਦਾ ਪਰਦਾਫਾਸ਼, 7 ਗ੍ਰਿਫਤਾਰ
