ਕੁਰਸੀ ਨਾਲ ਬੰਨ੍ਹਿਆ ਮਿਲਿਆ ਨੌਕਰ, ਲੁਟੇਰਿਆਂ ਨੇ ਗਹਿਣੇ ਅਤੇ ਨਕਦੀ ਲੁੱਟੀ
ਮੋਹਾਲੀ, 30 ਦਸੰਬਰ : ਮੋਹਾਲੀ ਦੇ ਫੇਜ਼-5 ’ਚ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਕਤਲ ਕਰ ਦਿੱਤਾ ਗਿਆ।
ਪੁਲਸ ਮੁਤਾਬਕ ਘਰ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਤਲ ਕੀਤਾ ਗਿਆ। ਵਾਰਦਾਤ ਸਮੇਂ ਕ੍ਰਿਸ਼ਨ ਕੁਮਾਰ ਆਪਣੀ ਧੀ ਨੂੰ ਮਿਲਣ ਲਈ ਮਸਕਟ ਗਏ ਹੋਏ ਸਨ। ਲੁਟੇਰੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਜਾਣ ਤੋਂ ਪਹਿਲਾਂ ਘਰ ਦੇ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਗਏ।
ਜਾਣਕਾਰੀ ਅਨੁਸਾਰ ਉਕਤ ਘਟਨਾ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਘਰ ਦੀ ਨੌਕਰਾਣੀ ਕੰਮ ਕਰਨ ਲਈ ਸਵੇਰੇ 10 ਵਜੇ ਦੇ ਕਰੀਬ ਘਰੇ ਪਹੁੰਚੀ।
ਨੌਕਰਾਣੀ ਜਦੋਂ ਕੰਮ ’ਤੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਘਰ ਦਾ ਨੌਕਰ ਨੀਰਜ ਕੁਰਸੀ ਨਾਲ ਬੰਨ੍ਹਿਆ ਹੋਇਆ ਸੀ, ਉਸ ਦੇ ਮੂੰਹ ’ਤੇ ਟੇਪ ਚਿਪਕਾਈ ਹੋਈ ਸੀ ਤਾਂ ਜੋ ਉਹ ਰੌਲਾ ਨਾ ਪਾ ਸਕੇ ਜਦਕਿ ਲਾਸ਼ ਹੇਠਾਂ ਪਈ ਸੀ। ਪੁਲਸ ਨੂੰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਘਰ ਦੀ ਘੰਟੀ ਵਜਾਈ। ਜਿਉਂ ਹੀ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁੱਟ-ਖੋਹ ਕੀਤੀ ਗਈ ਤੇ ਮੁਲਜ਼ਮ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫੋਰੈਂਸਿਕ ਮਾਹਰਾਂ ਦੀ ਟੀਮ ਅਤੇ ਉੱਚ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਸ ਨੌਕਰ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਬਾਰੇ ਪਤਾ ਚੱਲ ਸਕੇ ਜਾਂ ਉਨ੍ਹਾਂ ਦੇ ਮਾਹਰਾਂ ਵੱਲੋਂ ਸਕੈੱਚ ਤਿਆਰ ਕਰਵਾਏ ਜਾ ਸਕਣ।
ਇਸ ਸਬੰਧੀ ਐੱਸ.ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ’ਚ ਕੁਰਸੀ ਨਾਲ ਬੰਨ੍ਹੇ ਮਿਲੇ ਘਰੇਲੂ ਨੌਕਰ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਤੇ ਪੁਲਸ ਵੱਲੋਂ ਜਲਦ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਮੌਰਚਰੀ ’ਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਥਾਣਾ ਫ਼ੇਜ਼-1 ਵਿਖੇ ਕਤਲ ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀਆਂ ਦੋ ਧੀਆਂ ਹਨ। ਵੱਡੀ ਧੀ ਡਾਕਟਰ ਹੈ ਅਤੇ ਰਿਸ਼ੀਕੇਸ਼ ਆਪਣੇ ਡਾਕਟਰ ਪਤੀ ਨਾਲ ਰਹਿੰਦੀ ਹੈ। ਦੂਜੀ ਧੀ ਮਾਪਿਆਂ ਦੇ ਨਾਲ ਹੀ ਰਹਿੰਦੀ ਹੈ ਤੇ ਵਾਰਦਾਤ ਸਮੇਂ ਆਪਣੇ ਪਿਤਾ ਨਾਲ ਮਸਕਟ ਗਈ ਹੋਈ ਸੀ। ਪੁਲਸ ਘਰ ਦੇ ਆਸਪਾਸ ਤੇ ਹੋਰਨਾਂ ਘਰਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ।
Read More : ਮੋਬਾਈਲ ਸਕ੍ਰੀਨਾਂ ਦੇ ਆਦੀ ਹੋ ਰਹੇ ਬੱਚੇ, ਚਿੰਤਾ ਦਾ ਵਿਸ਼ਾ
