ਪਿਸਤੌਲ 32 ਬੋਰ ਸਮੇਤ 2 ਜ਼ਿੰਦਾ ਅਤੇ 2 ਖੋਲ ਰੌਂਦ ਬਰਾਮਦ
ਪਟਿਆਲਾ, 25 ਦਸੰਬਰ : ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਪ੍ਰਦੀਪ ਸਿੰਘ ਬਾਜਵਾ, ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਇੰਸ. ਅੰਕੁਰਦੀਪ ਸਿੰਘ ਅਤੇ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਐੱਸ. ਆਈ. ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਲੱਕੀ ਪਟਿਆਲਾ ਗੈਂਗ ਦਾ ਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨਾ ਜ਼ਖਮੀ ਹੋ ਗਿਆ।
ਇਸ ਸਬੰਧੀ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ 14 ਨਵੰਬਰ ਨੂੰ ਭਰਾਵਾਂ ਦਾ ਢਾਬਾ (ਦਿੱਲੀ ਅੰਮ੍ਰਿਤਸਰ ਹਾਈਵੇ) ਰਾਜਪੁਰਾ ਰੋਡ ਅਤੇ 6-7 ਦਸੰਬਰ ਦੀ ਦਰਮਿਆਨੀ ਰਾਤ ਨੂੰ ਨਵਾਬ ਸਿੰਘ ਵਾਸੀ ਗੁਲਜਾਰਪੁਰ ਉਰਫ ਠਰੂਆ ਦੇ ਘਰ ’ਤੇ ਫਾਇਰਿੰਗ ਦੇ ਕੇਸਾਂ ਸਬੰਧੀ ਟੀਮ ਦਾ ਗਠਨ ਕੀਤਾ ਗਿਆ।
ਉਕਤ ਟੀਮ ਵੱਲੋਂ ਦੋਵੇਂ ਕੇਸਾਂ ਦੀ ਜਾਂਚ ਕਰਦੇ ਹੋਏ ਅਹਿਮ ਤੱਥ ਸਾਹਮਣੇ ਆਏ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਗੈਗਸਟਰ ਗੌਰਵ ਕੁਮਾਰ ਉਰਫ ਲੱਕੀ ਪਟਿਆਲ ਦਾ ਹੱਥ ਹੈ, ਜੋ ਕਿ ਵਿਦੇਸ਼ ’ਚ ਬੈਠ ਕੇ ਆਪਣੇ ਸਾਥੀਆਂ ਨਾਲ ਸੰਪਰਕ ਕਰ ਰਿਹਾ ਸੀ, ਜਿਸ ਨੇ ਕਰੋੜਾਂ ਰੁਪਏ ਦੀ ਫਿਰੌਤੀ ਦੀ ਰਕਮ ਹਾਸਲ ਕਰਨ ਲਈ ਇਨ੍ਹਾਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਜਾਂਚ ਦੌਰਾਨ ਲੱਕੀ ਪਟਿਆਲ ਗੈਗ ਦੇ ਮੈਂਬਰਾਂ ਦੀ ਇਨ੍ਹਾਂ ਵਾਰਦਾਤਾਂ ’ਚ ਸ਼ਮੂਲੀਅਤ ਹੋਣੀ ਪਾਈ ਗਈ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਲਖਵਿੰਦਰ ਸਿੰਘ ਵਾਸੀ ਕੋਟ ਈਸੇ ਖਾਂ ਜ਼ਿਲਾ ਮੋਗਾ, ਜਿਸ ਖਿਲਾਫ ਡਰੱਗ ਅਤੇ ਅਸਲਾ ਐਕਟ ਦੇ ਮੁਕੱਦਮੇ ਦਰਜ ਹਨ ਅਤੇ ਇਹ ਦੋਵੇਂ ਵਾਰਦਾਤਾਂ ਦਾ ਮੁਖੀ ਹੈ, ਬਾਰੇ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮੰਨਾ, ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋਕੇ ਭਵਾਨੀਗੜ੍ਹ ਤੋਂ ਪਟਿਆਲਾ ਰਾਜਪੁਰਾ ਵੱਲ ਜਾ ਰਿਹਾ ਹੈ।
ਗੁਪਤ ਸੂਚਨਾ ਦੇ ਅਧਾਰ ’ਤੇ ਇੰਸ. ਅੰਕੁਰਦੀਪ ਸਿੰਘ ਨੇ ਰਾਮਗੜ੍ਹ ਪੁਲ ’ਤੇ ਨਾਕਾਬੰਦੀ ਕੀਤੀ, ਜਦੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਤਾਂ ਉਸਨੇ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ, ਪੁਲਸ ਪਾਰਟੀ ਦੀ ਜਵਾਬੀ ਫਾਇਰਿੰਗ ਦੌਰਾਨ ਮਨਪ੍ਰੀਤ ਸਿੰਘ ਉਰਫ ਮੰਨਾ ਪੁਲਸ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ, ਜਿਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਤੋਂ ਪਿਸਤੌਲ .32 ਬੋਰ ਸਮੇਤ 2 ਜ਼ਿੰਦਾ ਅਤੇ 2 ਖੋਲ ਰੌਂਦ 32 ਬੋਰ ਬਰਾਮਦ ਕੀਤੇ ਗਏ, ਜਿਸ ਖਿਲਾਫ ਥਾਣਾ ਪਸਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
Read More : ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 7.50 ਲੱਖ ਦੀ ਨਕਦੀ ਅਤੇ 5 ਤੋਲੇ ਸੋਨਾ ਕੀਤਾ ਚੋਰੀ
