Baltej Pannu

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਦੂਜਾ ਪੜਾਅ 7 ਤੋਂ 25 ਜਨਵਰੀ ਤੱਕ ਚੱਲੇਗਾ : ਬਲਤੇਜ ਪੰਨੂ

 ਕਿਹਾ-ਨਸ਼ਾਖੋਰੀ ਅਤੇ ਸਮੱਗਲਿੰਗ ਵਿਰੁੱਧ ਸੂਬੇ ਦੀ ਯੋਜਨਾਬੱਧ ਲੜਾਈ ਵਿਚ ਇਕ ਵੱਡਾ ਮੀਲ ਪੱਥਰ ਹੈ

ਚੰਡੀਗੜ੍ਹ, 24 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਸਰਕਾਰ ਨੇ ਆਪਣੀ ਪ੍ਰਮੁੱਖ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 300 ਦਿਨ ਪੂਰੇ ਕਰ ਲਏ ਹਨ। ਇਹ ਨਸ਼ਾਖੋਰੀ ਅਤੇ ਸਮੱਗਲਿੰਗ ਵਿਰੁੱਧ ਸੂਬੇ ਦੀ ਯੋਜਨਾਬੱਧ ਲੜਾਈ ਵਿਚ ਇਕ ਵੱਡਾ ਮੀਲ ਪੱਥਰ ਹੈ।

ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇਸ ਮੁਹਿੰਮ ਨੂੰ ਇਕ ਇਤਿਹਾਸਕ ਅਤੇ ਜਨਤਕ ਅੰਦੋਲਨ ਕਰਾਰ ਦਿੰਦਿਆਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦਾ ਪੱਧਰ, ਨੀਅਤ ਅਤੇ ਅਮਲ ਨਾ ਸਿਰਫ਼ ਭਾਰਤ ਵਿਚ, ਸਗੋਂ ਪੂਰੀ ਦੁਨੀਆ ਵਿਚ ਬੇਮਿਸਾਲ ਹੈ।

1 ਮਾਰਚ 2025 ਤੋਂ 23 ਦਸੰਬਰ 2025 ਤੱਕ ਦੇ ਸਰਕਾਰੀ ਅੰਕੜੇ ਸਾਂਝੇ ਕਰਦਿਆਂ ਪੰਨੂ ਨੇ ਦੱਸਿਆ ਕਿ ਸਰਕਾਰ ਦੀ ਅਟੱਲ ਸਿਆਸੀ ਇੱਛਾ ਸ਼ਕਤੀ ਸਦਕਾ ਪੰਜਾਬ ਪੁਲਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ 28,485 ਕੇਸ ਦਰਜ ਕੀਤੇ ਗਏ ਅਤੇ 41,517 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਨਸ਼ਿਆਂ ਵਿਚ 1,819.669 ਕਿਲੋ ਹੈਰੋਇਨ, 594.671 ਕਿਲੋ ਅਫੀਮ, 27,160.449 ਕਿਲੋ ਭੁੱਕੀ, 40.764 ਕਿਲੋ ਚਰਸ, 577.472 ਕਿਲੋ ਗਾਂਜਾ, 4.364 ਕਿਲੋ ਕੋਕੀਨ, 25.212 ਕਿਲੋ ਆਈਸ (ਸਿੰਥੈਟਿਕ ਡਰੱਗ) ਅਤੇ 40.551 ਕਿਲੋ ਨਸ਼ੀਲਾ ਪਾਊਡਰ ਸ਼ਾਮਲ ਹੈ। ਇਸ ਤੋਂ ਇਲਾਵਾ 1,666 ਨਸ਼ੀਲੇ ਟੀਕੇ, 46,03,652 ਪਾਬੰਦੀਸ਼ੁਦਾ ਗੋਲੀਆਂ/ਕੈਪਸੂਲ ਅਤੇ 15.23 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਮੋਰਚੇ ਦੇ ਤਹਿਤ ਪੰਜਾਬ ਨੂੰ ਪੰਜ ਜ਼ੋਨਾਂ ਮਾਝਾ, ਦੋਆਬਾ, ਮਾਲਵਾ ਪੂਰਬੀ, ਮਾਲਵਾ ਪੱਛਮੀ ਅਤੇ ਮਾਲਵਾ ਕੇਂਦਰੀ ਵਿਤ ਵੰਡਿਆ ਗਿਆ ਹੈ। ਇਸ ਅੰਦੋਲਨ ਦਾ ਇਕ ਮੁੱਖ ਥੰਮ੍ਹ ਪਿੰਡਾਂ ਦੀਆਂ ਰੱਖਿਆ ਕਮੇਟੀਆਂ ਹਨ, ਜਿਨ੍ਹਾਂ ਨੂੰ ਹੁਣ ‘ਪਿੰਡ ਦੇ ਪਹਿਰੇਦਾਰ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀ ਗਿਣਤੀ ਲੱਗਭਗ ਇਕ ਲੱਖ ਵਲੰਟੀਅਰਾਂ ਤੱਕ ਪਹੁੰਚ ਗਈ ਹੈ।

ਪੰਨੂ ਨੇ ਐਲਾਨ ਕੀਤਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਦੂਜਾ ਪੜਾਅ 7 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ‘ਇਹ ਕਿਸੇ ਪਾਰਟੀ ਜਾਂ ਸਰਕਾਰ ਦੀ ਮੁਹਿੰਮ ਨਹੀਂ ਹੈ, ਇਹ ਪੰਜਾਬੀਆਂ ਦਾ ਪੰਜਾਬ ਲਈ ਇਕ ਮਿਸ਼ਨ ਹੈ।’

Read More : ਵਿੱਤ ਮੰਤਰੀ ਚੀਮਾ ਨੇ ਜੇਲ ਵਿਭਾਗ ’ਚ 532 ਅਸਾਮੀਆਂ ਲਈ ਭਰਤੀ ਨੂੰ ਦਿੱਤੀ ਮਨਜ਼ੂਰੀ

Leave a Reply

Your email address will not be published. Required fields are marked *