ਹਰਭਜਨ ਸਿੰਘ ਈ.ਟੀ.ਓ.

ਸਰਕਾਰੀ ਆਈਟੀਆਈ ਬਾਬਾ ਬਕਾਲਾ ਸਾਹਿਬ ਦਾ ਨਾਮ ਭਾਈ ਜੈਤਾ ਜੀ ਦੇ ਨਾਂ ਤੇ ਰੱਖਿਆ ਜਾਵੇਗਾ : ਈ.ਟੀ.ਓ.

ਬਾਬਾ ਬਕਾਲਾ ਸਾਹਿਬ ਵਿਖੇ ਪਹਿਲੀ ਵਾਰ ਭਾਈ ਜੈਤਾ ਜੀ ਦਾ ਰਾਜ ਪੱਧਰੀ ਸਮਾਗਮ ਮਨਾਇਆ ਗਿਆ : ਵਿਧਾਇਕ ਟੌਂਗ

ਅੰਮ੍ਰਿਤਸਰ 24 ਦਸੰਬਰ : ਪੰਜਾਬ ਸਰਕਾਰ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਮਨਾਏ ਸੂਬਾ ਪੱਧਰੀ ਸਮਾਗਮ ‘ਚ ਪੰਜਾਬ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਦਾ ਨਾਮ ਭਾਈ ਜੈਤਾ ਜੀ ਦੇ ਨਾਂ ਤੇ ਰੱਖਿਆ ਜਾਵੇਗਾ।

ਹਰਭਜਨ ਸਿੰਘ ਈ.ਟੀ.ਓ ਨੇ ਸਮਾਗਮ ‘ਚ ਕਿਹਾ ਕਿ ਮਾਨ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੇ ਸਮਾਰਕ ਵਿਖੇ ਵਿਧਾਨ ਸਭਾ ਦਾ ਸ਼ੈਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ 21 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਦਾ ਸਮਾਰਕ ਉਸਾਰਿਆ ਹੈ। ਉਨਾਂ ਕਿਹਾ ਕਿ ਭਾਈ ਜੈਤਾ ਜੀ ਇਕੋ ਇਕ ਸਿੱਖ ਸਨ ਜਿਨਾਂ ਦੇ ਦੋ ਨਾਮ ਦੋ ਗੁਰੂ ਸਾਹਿਬ ਨੇ ਰੱਖੇ, ਪਹਿਲਾ ਨਾਮ ਭਾਈ ਜੈਤਾ, ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਅਤੇ ਦੂਜਾ ਨਾਮ ਅੰਮ੍ਰਿਤ ਛਕਾਉਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਰੱਖਿਆ ਸੀ।

ਕੈਬਿਨਟ ਮੰਤਰੀ ਨੇ ਭਾਈ ਜੈਤਾ ਜੀ ਦੇ ਜੀਵਨ ਬਾਰੇ ਦੱਸਿਆ ਕਿ ਸੰਨ 1675 ਈ: ‘ਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ “ਰੰਗਰੇਟਾ ਗੁਰੂ ਕਾ ਬੇਟਾ” ਦਾ ਖਿਤਾਬ ਦਿੱਤਾ ਗਿਆ।

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਸਹੀ ਰਸਤਾ ਦਿਖਾਉਣ ਲਈ ਗੁਰੂ ਸਾਹਿਬਾਨਾਂ ਵਲੋਂ ਕੀਤੇ ਕਾਰਜਾਂ ਤੋਂ ਜਾਣੂੰ ਕਰਵਾ ਰਹੀ ਹੈ | ਸਮਾਗਮ ਤੋਂ ਪਹਿਲਾਂ ਹਰਭਜਨ ਸਿੰਘ ਈ.ਟੀ.ਓ. ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ | ਸਮਾਗਮ ਦੇ ਅੰਤ ‘ਚ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਭਾਈ ਜੈਤਾ ਜੀ ਦਾ ਚਿੱਤਰ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਭਾਈ ਜੈਤਾ ਜੀ ਦਾ ਸੂਬਾ ਪੱਧਰੀ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਹੈ। ਉਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਹੈ।

ਟੌਂਗ ਨੇ ਕਿਹਾ ਕਿ ਭਾਈ ਜੈਤਾ ਜੀ ਵਰਗੀ ਸ਼ਹੀਦੀ ਇਤਿਹਾਸ ‘ਚ ਕਿਤੇ ਵੀ ਨਹੀਂ ਮਿਲ ਸਕਦੀ। ਉਨਾਂ ਦੱਸਿਆ ਕਿ ਭਾਈ ਜੈਤਾ ਜੀ ਬਚਪਨ ਤੋਂ ਹੀ ਪੜ੍ਹਾਈ ‘ਚ ਵੀ ਬਹੁਤ ਮਾਹਰ ਸਨ। ਉਨਾਂ ਨੇ ਫਾਰਸੀ, ਉਰਦੂ ਅਤੇ ਸੰਸਕ੍ਰਿਤ ਵਾਰਗੀਆਂ ਭਾਸ਼ਾਵਾਂ ਦੇ ਵਿਦਵਾਨ ਹੋਣ ਦੇ ਨਾਲ ਨਾਲ ਬਹੁਤ ਵਧੀਆ ਕਵੀ ਵੀ ਸਨ। ਇਸ ਉਪਰੰਤ ਵਿਧਾਇਕ ਟੌਂਗ ਨੂੰ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਸਨਮਾਨਿਤ ਵੀ ਕੀਤਾ।

ਇਸ ਮੌਕੇ ਚੇਅਰਮੈਨ ਐਸ.ਸੀ. ਲੈਂਡ ਕਾਰਪੋਰੇਸ਼ਨ ਰਵਿੰਦਰ ਹੰਸ , ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੈਡਮ ਅਮਨਦੀਪ ਕੌਰ, ਐਸ.ਡੀ.ਐਮ. ਅਮਨਪ੍ਰੀਤ ਸਿੰਘ, ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਸਤਪਾਲ ਸੋਖੀ, ਸੁਹਿੰਦਰ ਕੌਰ, ਡਾ. ਇੰਦਰਪਾਲ ਸਿੰਘ, ਸੁਖਚੈਨ ਸਿੰਘ, ਮੈਡਮ ਸੁਨੈਨਾ ਰੰਧਾਵਾ, ਕਮਾਂਡੈਂਟ ਜਸਕਰਨ ਸਿੰਘ, ਸਤਨਾਮ ਸਿੰਘ ਮਠਾਰੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Read More : ਸੰਜੀਵ ਅਰੋੜਾ ਨੇ ਪੰਜਾਬ ‘ਚ HMEL ਦੀਆਂ 2600 ਕਰੋੜ ਦੀਆਂ ਉਦਯੋਗਿਕ ਯੋਜਨਾਵਾਂ ਨੂੰ ਕੀਤਾ ਉਜਾਗਰ

Leave a Reply

Your email address will not be published. Required fields are marked *