ਵਿੱਤ ਮੰਤਰੀ ਹਰਪਾਲ ਚੀਮਾ

ਵਿੱਤੀ ਸਾਲ ਦੌਰਾਨ ਜੀ.ਐੱਸ.ਟੀ. ਪ੍ਰਾਪਤੀ ’ਚ 16% ਦਾ ਵਾਧਾ : ਵਿੱਤ ਮੰਤਰੀ ਚੀਮਾ

ਜੀ.ਐੱਸ.ਟੀ. ਪ੍ਰਾਪਤੀ ’ਚ ਪਿਛਲੇ ਸਾਲ ਦੇ ਮੁਕਾਬਲੇ 2,467.30 ਕਰੋੜ ਰੁਪਏ ਦਾ ਰਿਕਾਰਡ ਵਾਧਾ

ਚੰਡੀਗੜ੍ਹ, 23 ਦਸੰਬਰ : ਪੰਜਾਬ ਨੇ ਵਿੱਤੀ ਸਾਲ 2025-26 ਦੌਰਾਨ ਜੀ. ਐੱਸ. ਟੀ. ਪ੍ਰਾਪਤੀ ’ਚ 16.03% ਦਾ ਵਾਧਾ ਦਰਜ ਕਰਦਿਆਂ 17,860.09 ਕਰੋੜ ਰੁਪਏ ਪ੍ਰਾਪਤ ਕੀਤੇ ਜਦਕਿ ਆਬਕਾਰੀ ਮਾਲੀਆ 7,401 ਕਰੋੜ ਰੁਪਏ ਰਿਹਾ। ਇਹ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਨੇ ਨਾ ਸਿਰਫ਼ ਪੁਰਾਣੇ ਰਿਕਾਰਡ ਤੋੜੇ ਹਨ ਸਗੋਂ ਯਕਮੁਸ਼ਤ ਨਿਪਟਾਰਾ ਸਕੀਮ-2025 ਤੇ ਆਧੁਨਿਕ ਡਾਟਾ ਐਨਾਲਿਟਿਕਸ ਰਾਹੀਂ ਟੈਕਸ ਚੋਰੀ ਨੂੰ ਰੋਕਣ ’ਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੀ. ਐੱਸ. ਟੀ. ਪ੍ਰਾਪਤੀ ’ਚ ਪਿਛਲੇ ਸਾਲ ਦੇ ਮੁਕਾਬਲੇ 2,467.30 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਸਤੰਬਰ 2025 ’ਚ ਜੀ. ਐੱਸ. ਟੀ. ਦਰਾਂ ’ਚ ਕੀਤੇ ਸੁਧਾਰਾਂ (ਜਿਸ ਨਾਲ ਜ਼ਰੂਰੀ ਵਸਤਾਂ ’ਤੇ ਟੈਕਸ 12% ਤੋਂ ਘਟਾ ਕੇ 5% ਕੀਤਾ ਗਿਆ ਸੀ) ਦੇ ਬਾਵਜੂਦ ਵਿਭਾਗ ਦੀਆਂ ਨੀਤੀਆਂ ਕਾਰਨ ਟੈਕਸ ਪ੍ਰਾਪਤੀ ਸਥਿਰ ਰਹੀ। ਇਸ ਦੇ ਨਾਲ ਹੀ ਵੈਟ ਤੇ ਸੀ. ਐੱਸ. ਟੀ. ਪ੍ਰਾਪਤੀ 5,451.76 ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਨਾਲੋਂ 3.35% ਵੱਧ ਹੈ।

ਆਬਕਾਰੀ ਨੀਤੀ 2025-26 ਤਹਿਤ 11,020 ਕਰੋੜ ਰੁਪਏ ਦਾ ਸਾਲਾਨਾ ਟੀਚਾ ਮਿੱਥਿਆ ਗਿਆ ਹੈ। ਨਵੰਬਰ ਤੱਕ ਵਿਭਾਗ ਨੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 8.64% ਦਾ ਵਾਧਾ ਦਰਜ ਕੀਤਾ ਹੈ। ਸ਼ਰਾਬ ਦੀ ਸਮੱਗਲਿੰਗ ਤੇ ਨਾਜਾਇਜ਼ ਸ਼ਰਾਬ ਵਿਰੁੱਧ ਮੁਹਿੰਮ ਤਹਿਤ ਇਸ ਸਾਲ 3,860 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਅਤੇ 3,795 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਯਕਮੁਸ਼ਤ ਨਿਪਟਾਰਾ ਸਕੀਮ-2025 ਇਕ ਵੱਡੀ ਪ੍ਰਾਪਤੀ ਰਹੀ ਹੈ, ਜਿਸ ਤਹਿਤ 18 ਦਸੰਬਰ ਤੱਕ 3,574 ਕੇਸਾਂ ਦਾ ਨਿਪਟਾਰਾ ਕਰ ਕੇ 52 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ ਤੇ ਵਪਾਰੀਆਂ ਨੂੰ ਟੈਕਸ ’ਚ ਵੱਡੀ ਰਾਹਤ ਦਿੱਤੀ ਗਈ ਹੈ। ਟੈਕਸ ਇੰਟੈਲੀਜੈਂਸ ਯੂਨਿਟ ਦੀ ਮਦਦ ਨਾਲ 344.06 ਕਰੋੜ ਰੁਪਏ ਦਾ ਟੈਕਸ ਤੇ ਜੁਰਮਾਨਾ ਵਸੂਲਿਆ ਗਿਆ ਹੈ।

ਇਸ ਤੋਂ ਇਲਾਵਾ ਜੀ. ਐੱਸ. ਟੀ. ਆਰ.-3ਬੀ ਰਿਟਰਨ ਨਾ ਭਰਨ ਵਾਲਿਆਂ ’ਤੇ ਨਿਗਰਾਨੀ ਰੱਖ ਕੇ 2,185.96 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਹਨ। ਅਪ੍ਰੈਲ ਤੋਂ ਨਵੰਬਰ ਤੱਕ 618.53 ਕਰੋੜ ਰੁਪਏ ਦੇ ਜੁਰਮਾਨੇ ਲਾਏ ਗਏ ਹਨ।

Read More : ਫਿਰੋਜ਼ਪੁਰ ਤੋਂ ਲੁਧਿਆਣਾ ਆ ਰਹੇ ਤਿੰਨ ਸਮੱਗਲਰ ਹੈਰੋਇਨ ਸਮੇਤ ਗ੍ਰਿਫਤਾਰ

Leave a Reply

Your email address will not be published. Required fields are marked *