ਸ਼ਿਮਲਾ, 22 ਦਸੰਬਰ : ਹਿਮਾਚਲ ਅਤੇ ਕਸ਼ਮੀਰ ਦੀਆਂ ਉੱਚੀਆਂ ਚੋਟੀਆਂ ’ਤੇ ਰਾਤ ਨੂੰ ਹਲਕੀ ਬਰਫਬਾਰੀ ਦਰਜ ਕੀਤੀ ਗਈ। ਬੀਤੇ 24 ਘੰਟਿਆਂ ਦੌਰਾਨ ਵੀ ਰੋਹਤਾਂਗ ਦੱਰੇ ਸਮੇਤ ਲਾਹੌਲ-ਸਪਿਤੀ ਤੇ ਚੰਬਾ ਜ਼ਿਲੇ ਦੇ ਉੱਪਰਲੇ ਖੇਤਰਾਂ ਵਿਚ ਹਲਕੀ ਬਰਫਬਾਰੀ ਹੋਈ ਪਰ ਸੂਬੇ ਦੀਆਂ ਪ੍ਰਮੁੱਖ ਸੈਰਗਾਹਾਂ ਸ਼ਿਮਲਾ, ਕੁਫਰੀ ਤੇ ਮਨਾਲੀ ’ਚ ਹੁਣ ਤਕ ਸੀਜ਼ਨ ਦੀ ਪਹਿਲੀ ਬਰਫਬਾਰੀ ਨਹੀਂ ਹੋਈ, ਜਿਸ ਦੀ ਸੈਲਾਨੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਕਸ਼ਮੀਰ ਦੀ ਕੁਦਰਤੀ ਸੁੰਦਰਤਾ ਤਾਜ਼ਾ ਬਰਫਬਾਰੀ ਤੋਂ ਬਾਅਦ ਇਕ ਵਾਰ ਮੁੜ ਆਪਣੇ ਸਿਖਰ ’ਤੇ ਪਹੁੰਚ ਗਈ ਹੈ ਅਤੇ ਵਾਦੀ ਦੀਆਂ ਪ੍ਰਸਿੱਧ ਸੈਰਗਾਹਾਂ ’ਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ। ਬਰਫ ਨਾਲ ਢਕੇ ਪਹਾੜ, ਜੰਮੀਆਂ ਹੋਈਆਂ ਝੀਲਾਂ, ਦੇਵਦਾਰ ਦੇ ਦਰੱਖਤਾਂ ’ਤੇ ਜੰਮੀ ਬਰਫ ਅਤੇ ਸਰਦ ਮੌਸਮ ਨੇ ਕਸ਼ਮੀਰ ਨੂੰ ਇਕ ਵਾਰ ਮੁੜ ਸੈਲਾਨੀਆਂ ਦੀ ਪਹਿਲੀ ਪਸੰਦ ਬਣਾ ਦਿੱਤਾ ਹੈ।
ਹਿਮਾਚਲ ਦੇ ਸਭ ਤੋਂ ਠੰਢੇ ਸਥਾਨਾਂ ’ਤੇ ਲਾਹੌਲ-ਸਪਿਤੀ ਜ਼ਿਲੇ ਦੇ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ ਮਾਈਨਸ 3.1 ਅਤੇ ਤਾਬੋ ’ਚ ਮਾਈਨਸ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਪਾਣੀ ਦੇ ਸੋਮੇ ਜੰਮ ਗਏ ਹਨ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵਿਚਾਲੇ ਸਭ ਤੋਂ ਵੱਧ ਪ੍ਰੇਸ਼ਾਨੀ ਮੈਦਾਨੀ ਇਲਾਕਿਆਂ ਵਿਚ ਕੋਹਰੇ ਕਾਰਨ ਸਾਹਮਣੇ ਆ ਰਹੀ ਹੈ। ਪੰਜਾਬ-ਹਰਿਆਣਾ ’ਚ ਸੋਮਵਾਰ ਸਵੇਰੇ ਸੰਘਣੇ ਕੋਹਰੇ ਕਾਰਨ ਵਿਜ਼ੀਬਿਲਟੀ ਘਟ ਕੇ ਸਿਰਫ 20 ਮੀਟਰ ਰਹਿ ਗਈ, ਜਿਸ ਨਾਲ ਸੜਕ ਆਵਾਜਾਈ ਪ੍ਰਭਾਵਿਤ ਹੋਈ।
ਪੰਜਾਬ-ਹਰਿਆਣਾ ’ਚ ਘੱਟੋ-ਘੱਟ ਤਾਪਮਾਨ 5 ਤੋਂ 10 ਡਿਗਰੀ ਵਿਚਾਲੇ ਦਰਜ ਕੀਤਾ ਗਿਆ। ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸੋਮਵਾਰ ਸਵੇਰੇ ਸੰਚਾਲਨ ਸਬੰਧੀ ਕਾਰਨਾਂ ਕਰ ਕੇ 2 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ।
Read More : ਕੇਂਦਰ ਸਰਕਾਰ ਸਿੱਖਾਂ ਦੇ ਮਸਲਿਆਂ ’ਚ ਦਖਲਅੰਦਾਜ਼ੀ ਕਰਨੀ ਬੰਦ ਕਰ ਦੇਵੇ : ਗੜਗੱਜ
