ਸ੍ਰੀ ਅਨੰਦਪੁਰ ਸਾਹਿਬ, 21 ਦਸੰਬਰ : ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਸਮੇਤ 6-7 ਪੋਹ ਦੀ ਰਾਤ ਨੂੰ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਦੇ ਭਾਵੁਕ ਪਲਾਂ ਨੂੰ ਯਾਦ ਕਰਵਾਉਂਦਾ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਜੀ ਦੀ ਯੋਗ ਅਗਵਾਈ ਹੇਠ ਤੜਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ ਰਵਾਨਾ ਹੋਇਆ, ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 4 ਜਨਵਰੀ 2026 ਨੂੰ ਗੁਰਦੁਆਰਾ ਮੈਹਦੇਆਣਾ ਸਾਹਿਬ ਪਹੁੰਚ ਕੇ ਸੰਪੰਨ ਹੋਵੇਗਾ।
ਅੱਜ ਤੜਕੇ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਬੀਤੇ ਦਿਨਾਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣ ਤੋਂ ਬਾਅਦ ਅਰਦਾਸ ਉਪਰੰਤ ਤੜਕੇ 4 ਵਜੇ ਸ਼ੁਰੂ ਹੋਇਆ ਦਸ਼ਮੇਸ਼ ਪੈਦਲ ਮਾਰਚ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ, ਜਿਥੇ ਪਹੁੰਚ ਕੇ ਪੰਜ ਪਿਆਰੇ ਸਾਹਿਬਾਨ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਇਹ ਦਸਮੇਸ਼ ਪੈਦਲ ਮਾਰਚ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ ਸਵੇਰੇ 6.30 ਵਜੇ ਰਵਾਨਾ ਹੋਇਆ।
ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਦਸਮੇਸ਼ ਪੈਦਲ ਮਾਰਚ 7 ਵਜੇ ਦੇ ਕਰੀਬ ਸ਼ਹਿਰ ਦੇ ਨਵੀਂ ਆਬਾਦੀ ਮਹੱਲੇ ਵਿਖੇ ਪਹੁੰਚਿਆ ਜਿੱਥੇ ਪੰਜ ਪਿਆਰੇ ਸਾਹਿਬਾਨ ਜੀ ਨੂੰ ਲੰਗਰ ਪਾਣੀ ਛਕਾਉਣ ਲਈ ਸਿਰਫ ਅੱਧੇ ਘੰਟੇ ਲਈ ਰੁਕਿਆ ਇਹ ਨਗਰ ਕੀਰਤਨ ਬਿਨਾਂ ਕਿਸੇ ਠੋਸ ਕਾਰਨ ਦੋ ਘੰਟੇ ਉੱਥੇ ਹੀ ਰੁਕਿਆ ਰਿਹਾ, ਜਿਸ ਕਾਰਨ ਦਸਮੇਸ਼ ਪੈਦਲ ਮਾਰਚ ਵਿਚ ਸ਼ਾਮਿਲ ਹਜ਼ਾਰਾਂ ਦੀ ਗਿਣਤੀ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ।

ਦੋ ਘੰਟੇ ਰੁਕਣ ਉਪਰੰਤ 9 ਵਜੇ ਚੱਲਿਆ ਇਹ ਦਸਮੇਸ਼ ਪੈਦਲ ਮਾਰਚ ਗੁਰਦੁਆਰਾ ਸ਼ਹੀਦੀ ਬਾਗ, ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਪੰਜ ਪਿਆਰਾ ਪਾਰਕ, ਖਾਲਸਾ ਕਾਲਜ ਤੋਂ ਹੁੰਦਾ ਹੋਇਆ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ ਰਵਾਨਾ ਹੋਇਆ। ਇਸ ਦਸਮੇਸ਼ ਪੈਦਲ ਮਾਰਚ ਵਿਚ ਗੁਰੂ ਸਾਹਿਬ ਵੱਲੋਂ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਦੇ ਟਰੈਕਟਰਾਂ ਦੇ ਉੱਪਰ ਬਣਾਏ ਚਿੱਤਰਾਂ ਤੋਂ ਇਲਾਵਾ ਊਠ ਅਤੇ ਘੋੜੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ।
Read More : 48ਵਾਂ ਲਿਬਰਲ ਹਾਕੀ ਟੂਰਨਾਮੈਂਟ : ਐੱਲ.ਪੀ.ਯੂ. ਜਲੰਧਰ ਬਣੀ ਚੈਂਪੀਅਨ
