ਗ੍ਰਿਫ਼ਤਾਰ ਮੁਲਜ਼ਮਾਂ ਨੇ ਸਿਰਸਾ ਵਿਚ ਗ੍ਰੇਨੇਡ ਹਮਲੇ ਦੀ ਵੀ ਰਚੀ ਸੀ ਸਾਜ਼ਿਸ਼ : ਡੀ. ਜੀ. ਪੀ. ਗੌਰਵ ਯਾਦਵ
ਐੱਸ. ਏ. ਐੱਸ. ਨਗਰ, 21 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਨਾਰਕੋ-ਅੱਤਵਾਦ ਗੱਠਜੋੜ ਵਿਰੁੱਧ ਵੱਡੀ ਸਫਲਤਾ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਐੱਸ. ਏ. ਐੱਸ. ਨਗਰ ਨੇ ਫੌਜ ਦੇ ਭਗੌੜੇ , ਜਿਸਦੀ ਪਛਾਣ ਰਾਜਬੀਰ ਸਿੰਘ ਉਰਫ ਫੌਜੀ ਵਜੋਂ ਹੋਈ ਹੈ, ਨੂੰ ਬਿਹਾਰ ਦੇ ਮੋਤੀਹਾਰੀ ਵਿਚ ਭਾਰਤ-ਨੇਪਾਲ ਸਰਹੱਦ ਨੇੜੇ ਕਸਬਾ ਰਕਸੌਲ ਤੋਂ 500 ਗ੍ਰਾਮ ਹੈਰੋਇਨ ਅਤੇ ਇਕ ਹੈਂਡ ਗ੍ਰੇਨੇਡ ਸਮੇਤ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਨੇਪਾਲ ਰਾਹੀਂ ਦੇਸ਼ ਛੱਡ ਕੇ ਭੱਜਣ ਦੀ ਤਾਕ ਵਿਚ ਸੀ। ਇਹ ਜਾਣਕਾਰੀ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਇਹ ਕਾਰਵਾਈ ਫਾਜ਼ਿਲਕਾ ਦੀ ਕਾਸ਼ੀ ਰਾਮ ਕਲੋਨੀ ਦੇ ਰਹਿਣ ਵਾਲੇ ਉਸ ਦੇ ਸਾਥੀ ਚਿਰਾਗ, ਜਿਸ ਕੋਲੋਂ 407 ਗ੍ਰਾਮ ਹੈਰੋਇਨ ਅਤੇ ਇਕ 9 ਐੱਮ.ਐੱਮ. ਪਿਸਤੌਲ ਬਰਾਮਦ ਕੀਤੀ ਗਈ ਸੀ, ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਈ ਹੈ ।
ਜ਼ਿਕਰਯੋਗ ਹੈ ਕਿ ਚਿਰਾਗ ਦੋਸ਼ੀ ਰਾਜਬੀਰ ਲਈ ਕੋਰੀਅਰ ਮੈਨ ਵਜੋਂ ਕੰਮ ਕਰ ਰਿਹਾ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਕਮਾਈ ਨੂੰ ਉਸ ਤੱਕ ਵਾਪਸ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ। ਇਸ ਤਰ੍ਹਾਂ ਚਿਰਾਗ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਵਿਚ ਇਕ ਮਹੱਤਵਪੂਰਨ ਕੜੀ ਵਜੋਂ ਕੰਮ ਕਰ ਰਿਹਾ ਸੀ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਰਾਜਬੀਰ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ 2011 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਅਤੇ ਫਰਵਰੀ 2025 ਵਿਚ ਉਸ ਵੇਲੇ ਫੌਜ ’ਚੋਂ ਭਗੌੜਾ ਹੋ ਗਿਆ ਸੀ, ਜਦੋਂ ਉਸ ਅਤੇ ਉਸਦੇ ਸਾਥੀਆਂ ਖਿਲਾਫ ਇਸ ਸਾਲ ਦੇ ਸ਼ੁਰੂ ਵਿਚ ਅੰਮ੍ਰਿਤਸਰ ਦਿਹਾਤੀ ਦੇ ਪੁਲਸ ਸਟੇਸ਼ਨ ਘਰਿੰਡਾ ਵਿਖੇ ਜਾਸੂਸੀ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ।
ਡੀ. ਜੀ. ਪੀ. ਨੇ ਦੱਸਿਆ ਕਿ ਜਾਂਚ ਤੋਂ ਹਰਿਆਣਾ ਦੇ ਸਿਰਸਾ ਵਿਚ ਇਕ ਮਹਿਲਾ ਪੁਲਸ ਥਾਣੇ ’ਤੇ ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਵਿਚ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਭੂਮਿਕਾ ਹੋਣ ਦਾ ਵੀ ਪਤਾ ਲੱਗਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਰਾਜਬੀਰ ਅਤੇ ਚਿਰਾਗ ਨੇ ਅੰਮ੍ਰਿਤਸਰ ਦਿਹਾਤੀ ਦੇ ਗੁਰਜੰਟ ਸਿੰਘ ਨੂੰ ਹੈਂਡ ਗ੍ਰੇਨੇਡ ਪਹੁੰਚਾਏ ਸਨ, ਜਿਸ ਨੂੰ ਬਾਅਦ ਵਿਚ ਹਰਿਆਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਸਣਯੋਗ ਹੈ ਕਿ ਉਸ ਨੂੰ ਚਿਰਾਗ ਰਾਹੀਂ ਅੱਗੇ ਵਿੱਤੀ ਸਹਾਇਤਾ ਵੀ ਪਹੁੰਚਾਈ ਗਈ ਸੀ। ਗੁਰਜੰਟ ਨੂੰ ਦਿੱਤੇ ਗਏ ਫੰਡ ਅੱਗੇ ਹਮਲਾਵਰਾਂ ਨੂੰ ਭੇਜੇ ਗਏ ਸਨ, ਜਿਨ੍ਹਾਂ ਦੀ ਵਰਤੋਂ ਉਕਤ ਗ੍ਰੇਨੇਡ ਹਮਲੇ ਨੂੰ ਅੰਜਾਮ ਦੇਣ ਲਈ ਕੀਤੀ ਗਈ ਸੀ।
ਰਾਜਬੀਰ ਹੈਰੋਇਨ ਦੀ ਖੇਪ ਤੱਕ ਪਹੁੰਚ ਦੇ ਬਦਲੇ ਪਾਕਿ ਆਧਾਰਤ ਸੰਸਥਾਵਾਂ ਨੂੰ ਸਪਲਾਈ ਕਰ ਰਿਹਾ ਸੀ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ
ਏ.ਆਈ. ਜੀ. ਐੱਸ.ਐੱਸ. ਓ. ਸੀ. ਐੱਸ. ਏ. ਐਸ. ਨਗਰ ਡੀ. ਸੂਡਰਵਿਜ਼ੀ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ 2022 ਵਿਚ ਗ੍ਰਿਫ਼ਤਾਰ ਮੁਲਜ਼ਮ ਰਾਜਬੀਰ ਸੋਸ਼ਲ ਮੀਡੀਆ ਰਾਹੀਂ ਕੁਝ ਪਾਕਿਸਤਾਨ-ਆਧਾਰਤ ਸੰਸਥਾਵਾਂ ਦੇ ਸੰਪਰਕ ਵਿਚ ਆਇਆ ਸੀ ਅਤੇ ਉਸ ਨੇ ਹੈਰੋਇਨ ਦੀ ਖੇਪ ਤੱਕ ਪਹੁੰਚ ਦੇ ਬਦਲੇ ਉਨ੍ਹਾਂ ਨੂੰ ਅੱਗੇ ਫੌਜ ਦੀ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਫੌਜ ਦੇ ਹੋਰ ਮੁਲਾਜ਼ਮਾਂ ਨੂੰ ਵੀ ਇਨ੍ਹਾਂ ਹੈਂਡਲਰਾਂ ਨਾਲ ਜਾਣੂ ਕਰਵਾਇਆ।
ਕੇਸ ਦਰਜ ਹੋਣ ਤੋਂ ਬਾਅਦ ਰਾਜਬੀਰ ਫਰਾਰ ਹੋ ਗਿਆ ਅਤੇ ਨੇਪਾਲ ਜਾ ਕੇ ਲੁਕ ਗਿਆ, ਜਿਸ ਤੋਂ ਬਾਅਦ ਉਹ ਅਕਸਰ ਪੰਜਾਬ ਅਤੇ ਨੇਪਾਲ ਦਰਮਿਆਨ ਆਉਂਦਾ-ਜਾਂਦਾ ਰਿਹਾ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੰਮ ਜਾਰੀ ਰੱਖੇ।
ਏ.ਆਈ.ਜੀ. ਨੇ ਦੱਸਿਆ ਕਿ ਰਾਜਬੀਰ ਦੇ ਕਹਿਣ ਅਨੁਸਾਰ ਉਸ ਦੇ ਪਾਕਿਸਤਾਨ-ਆਧਾਰਤ ਹੈਂਡਲਰ ਉਸ ਨੂੰ ਨੇਪਾਲ ਰਾਹੀਂ ਭਾਰਤ ਤੋਂ ਯੂਰਪ ਭੱਜਣ ਵਿਚ ਸਹਾਇਤਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕਾਰਵਾਈ ਤਹਿਤ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਪੰਜਾਬ ਲਿਆਂਦਾ ਗਿਆ। ਇਸ ਸਬੰਧ ਵਿਚ ਪੁਲਸ ਥਾਣਾ ਐੱਸ.ਐੱਸ.ਓ.ਸੀ. ਐੱਸ.ਏ.ਐੱਸ. ਨਗਰ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
Read More : ਸੋਨੀਆ ਗਾਂਧੀ ਦਾ ਮੋਦੀ ਸਰਕਾਰ ’ਤੇ ਹਮਲਾ
