ਏਅਰਕ੍ਰਾਫਟ ਇੰਜੀਨੀਅਰ

ਮੁੱਖ ਮੰਤਰੀ ਮਾਨ ਨੇ ਫਲਾਇੰਗ ਕਲੱਬ ’ਚ ਏਅਰਕ੍ਰਾਫਟ ਇੰਜੀਨੀਅਰਾਂ ਨਾਲ ਕੀਤੀ ਗੱਲਬਾਤ

ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਮੁਤਾਬਕ ਨੌਜਵਾਨਾਂ ਨੂੰ ਗੁਣਵੱਤਾ ਵਾਲੀ, ਕਿਫ਼ਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਪ੍ਰਦਾਨ ਕਰ ਰਹੀ : ਭਗਵੰਤ ਮਾਨ

ਪਟਿਆਲਾ, 20 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਵਾਬਾਜ਼ੀ ਖੇਤਰ ’ਚ ਪੰਜਾਬ ਧੁਰੇ ਵਜੋਂ ਉਭਰੇਗਾ ਕਿਉਂਕਿ ਸੂਬਾ ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਨੌਜਵਾਨਾਂ ਨੂੰ ਕਿਫਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ’ਚ ਵੱਡੇ ਉਪਰਾਲੇ ਕਰ ਰਹੀ ਹੈ।

ਸ਼ਨੀਵਾਰ ਨੂੰ ਇੱਥੇ ਟਰੇਨੀ ਪਾਇਲਟਾਂ ਅਤੇ ਏਅਰਕ੍ਰਾਫਟ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਵੱਕਾਰੀ ਸੰਸਥਾ ਤੋਂ ਸਿਖਲਾਈ ਲੈ ਰਹੇ ਸਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਪਹੁੰਚੇ ਹਨ।

ਪਟਿਆਲਾ ਫਲਾਇੰਗ ਕਲੱਬ ਵਿਖੇ 32 ਸਿਖਿਆਰਥੀ ਪਾਇਲਟਾਂ ਤੇ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਸੈਸ਼ਨ ’ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ 32 ਸਿਖਿਆਰਥੀ ਪਾਇਲਟਾਂ (ਟਰੇਨੀ ਪਾਇਲਟਾਂ) ’ਚੋਂ ਜ਼ਿਆਦਾਤਰ ਆਪਣੇ ਪਰਿਵਾਰਾਂ ਦੀ ਪਹਿਲੀ ਪੀੜ੍ਹੀ ਹਨ ਜੋ ਹਵਾਬਾਜ਼ੀ ਖੇਤਰ ’ਚ ਪ੍ਰਵੇਸ਼ ਹੋ ਰਹੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਕਮਰਸ਼ੀਅਲ ਪਾਇਲਟ ਬਣਨ ਲਈ 40-45 ਲੱਖ ਰੁਪਏ ਖਰਚ ਆਉਂਦੇ ਹਨ, ਜਦਕਿ ਪਟਿਆਲਾ ਫਲਾਇੰਗ ਕਲੱਬ ’ਚ ਲਗਭਗ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਨਾਲ 22-25 ਲੱਖ ਫੀਸ ਰਹਿ ਜਾਂਦੀ ਹੈ। ਫੀਸ ’ਚ ਲਗਭਗ 20 ਲੱਖ ਰੁਪਏ ਦੀ ਕਟੌਤੀ ਨਾਲ ਦੁਕਾਨਦਾਰ, ਅਧਿਆਪਕ, ਕਿਸਾਨ, ਕਲਰਕ ਅਤੇ ਸਧਾਰਨ ਘਰਾਂ ਦੇ ਹੋਰ ਨੌਜਵਾਨ ਹੁਣ ਪਾਇਲਟ ਬਣਨ ਦਾ ਸੁਪਨਾ ਦੇਖ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕੰਪਲੈਕਸ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ‘ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕੀਤਾ ਜਾ ਰਿਹਾ ਹੈ ਤੇ ਇਹ ਅਜਾਇਬ ਘਰ ਮਿਗ ਜਹਾਜ਼, ਸੈਕੰਡ ਜਨਰੇਸ਼ਨ ਹੈਲੀਕਾਪਟਰ, ਸਿਮੂਲੇਟਰਾਂ ਅਤੇ ਏਵੀਏਸ਼ਨ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ, ਜੋ ਵਿਦਿਆਰਥੀਆਂ ਅਤੇ ਜਨਤਾ ਨੂੰ ਅਹਿਮ ਜਾਣਕਾਰੀ ਪ੍ਰਦਾਨ ਕਰੇਗਾ। ਇਸ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ ਲਈ ਪ੍ਰੇਰਿਤ ਕਰਨਾ ਹੈ। ਮੁੱਖ ਮੰਤਰੀ ਨੇ ਇਸ ਮੌਕੇ ਸਿਵਲ ਏਵੀਏਸ਼ਨ ਵਿਭਾਗ ਦੀ ਨਵੀਂ ਵੈੱਬਸਾਈਟ dca.punjab.gov.in ਵੀ ਲਾਂਚ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ 3 ਸਾਲਾ ਬੀ.ਐੱਸ.ਸੀ. (ਆਨਰਜ਼) 3 ਸਾਲਾ ਡੀਜੀਸੀਏ ਦੁਆਰਾ ਪ੍ਰਵਾਨਿਤ ਏ.ਐਮ.ਈ. ਪ੍ਰੋਗਰਾਮ ਦੀ ਕੁੱਲ ਫੀਸ ਸਿਰਫ 3 ਲੱਖ ਰੁਪਏ ਹੈ ਜਦਕਿ ਦੂਜੇ ਸੂਬਿਆਂ ’ਚ ਇਸੇ ਕੋਰਸ ਦੀ ਫੀਸ 5-8 ਲੱਖ ਰੁਪਏ ਹੈ। 33% ਸੀਟਾਂ ਐੱਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਲਈ ਰਾਖਵੀਆਂ ਹਨ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਇਸ ਖੇਤਰ ’ਚ ਆਮ ਘਰਾਂ ਦੇ ਬੱਚਿਆਂ ਨੂੰ ਵੀ ਮੌਕੇ ਹਾਸਲ ਹੋਣ

ਮੁੱਖ ਮੰਤਰੀ ਨੇ ਕਿਹਾ ਕਿ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਤੇ ਸਪਾਈਸਜੈੱਟ ਵਰਗੀਆਂ ਪ੍ਰਮੁੱਖ ਭਾਰਤੀ ਏਅਰਲਾਈਨਾਂ, ਟੈਕਨਾਮ, ਬੋਇੰਗ ਅਤੇ ਵੀ.ਐੱਸ.ਆਰ. ਐਵੀਏਸ਼ਨ ਵਰਗੀਆਂ ਜਨਰਲ ਏਵੀਏਸ਼ਨ ਫਰਮਾਂ, ਚਾਰਟਰ ਕੰਪਨੀਆਂ ਅਤੇ ਐੱਮ.ਆਰ.ਓ. ਸੰਸਥਾਵਾਂ ਤੇ ਹੋਰ ਫਲਾਇੰਗ ਕਲੱਬ, ਜਿੱਥੇ ਉਹ ਫਲਾਈਟ ਇੰਸਟ੍ਰਕਟਰ ਵਜੋਂ ਕੰਮ ਕਰਦੇ ਹਨ। ਵਿਦਿਆਰਥੀਆਂ ਨੂੰ ਰੌਸ਼ਨ ਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਆਉਣ ਵਾਲੇ ਦਿਨਾਂ ’ਚ ਆਪਣੇ ਜੀਵਨ ’ਚ ਨਵੀਂਆਂ ਬੁਲੰਦੀਆਂ ਛੂਹਣਗੇ।

Read More : ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ ’ਚ 23 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ

Leave a Reply

Your email address will not be published. Required fields are marked *