ਮਾਪੇ-ਅਧਿਆਪਕ ਮਿਲਣੀ

ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ ’ਚ 23 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਗਾ ਪੀ.ਟੀ.ਐੱਮ. ’ਚ ਕੀਤੀ ਸ਼ਮੂਲੀਅਤ

ਚੰਡੀਗੜ੍ਹ, 20 ਦਸੰਬਰ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ’ਚ 23.30 ਲੱਖ ਤੋਂ ਵੱਧ ਮਾਪਿਆਂ ਨੇ ਸ਼ਮੂਲੀਅਤ ਕੀਤੀ।

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਜ ਪੱਧਰੀ ਸਮਾਗਮ ਦੇ ਹਿੱਸੇ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਅਨੰਦਪੁਰ ਸਾਹਿਬ ਵਿਖੇ ਪੀਟੀਐਮ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੇ ਨਾਲ ਹੀ ‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਮੈਗਾ ਪੀ.ਟੀ.ਐੱਮ. ’ਚ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਇਸ ਮਿਲਣੀ ਦੇ ਸਬੰਧ ’ਚ ਵਿਧਾਇਕਾਂ, ਸਕੱਤਰ ਸਕੂਲ ਸਿੱਖਿਆ ਅਨਿੰਦਿਤਾ ਮਿੱਤਰਾ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਕਿਰਨ ਸ਼ਰਮਾ, ਡਿਪਟੀ ਕਮਿਸ਼ਨਰਾਂ ਅਤੇ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ 7500 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ।

ਬੈਂਸ ਨੇ ਦੱਸਿਆ ਕਿ 40,000 ਤੋਂ ਵੱਧ ਅਧਿਆਪਕਾਂ ਜਿਨ੍ਹਾਂ ’ਚ ਹਰੇਕ ਸਰਕਾਰੀ ਸਕੂਲ ਤੋਂ ਘੱਟੋ-ਘੱਟ ਇਕ ਅਧਿਆਪਕ ਨੂੰ ਸ਼ਾਮਲ ਕੀਤਾ ਗਿਆ, ਨੂੰ ਪੇਰੈਂਟਸ ਵਰਕਸ਼ਾਪ ਕਰਵਾਉਣ ਸਬੰਧੀ ਬਲਾਕ ਅਤੇ ਕਲੱਸਟਰ ਪੱਧਰ ‘ਤੇ ਢਾਂਚਾਗਤ ਸਿਖਲਾਈ ਦਿੱਤੀ ਗਈ ਹੈ।

ਇਸ ਪਹਿਲਕਦਮੀ ਤਹਿਤ ਜਿੱਥੇ ਸਿਖਲਾਈ ਪ੍ਰਾਪਤ ਅਧਿਆਪਕ ਗੱਲਬਾਤ ਸੈਸ਼ਨਾਂ ਦਾ ਪ੍ਰਬੰਧ ਕਰਦੇ ਹਨ ਉੱਥੇ ਹੀ ਐੱਸ.ਐੱਮ.ਸੀ. ਮੈਂਬਰ ਮਾਪਿਆਂ ਨਾਲ ਤਾਲਮੇਲ ਤੇ ਲਾਮਬੰਦੀ ਤੋਂ ਇਲਾਵਾ ਹੋਰ ਸਹਾਇਤਾ ਪ੍ਰਦਾਨ ਕਰਨ ’ਚ ਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਪਹਿਲਕਦਮੀ ਤਹਿਤ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਮਾਪੇ ਸਮਾਗਮ ’ਚ ਹਿੱਸਾ ਲੈਂਦੇ ਹਨ।

ਬੈਂਸ ਨੇ ਕਿਹਾ ਕਿ 1-1.5 ਘੰਟੇ ਦੀ ਪੇਰੈਂਟਸ ਵਰਕਸ਼ਾਪ ਅਤੇ ਉਸ ਤੋਂ ਬਾਅਦ ਮੈਗਾ ਪੀ.ਟੀ.ਐਮ. ਨੂੰ ਇਕ ਸਾਂਝੇ ਵਰਕਸ਼ਾਪ ਡਿਜ਼ਾਈਨ ਤੇ ਐੱਸ.ਐੱਮ.ਸੀ.ਦੀ ਅਗਵਾਈ ਵਾਲੀਆਂ ਮੀਟਿੰਗ ਯੋਜਨਾਵਾਂ ਰਾਹੀਂ ਲਾਗੂ ਕੀਤਾ ਜਾਂਦਾ ਹੈ ਤੇ ਮਾਪਿਆਂ ਨੂੰ ਜਾਣਕਾਰੀ ਲਈ ਹੈਂਡਆਊਟਸ ਉਪਲੱਬਧ ਕਰਵਾਏ ਜਾਂਦੇ ਹਨ।

ਵਰਕਸ਼ਾਪਾਂ ਦਾ ਉਦੇਸ਼ ਬੱਚਿਆਂ ਦੀ ਸਿੱਖਿਆ ’ਚ ਮਾਪਿਆਂ ਦੀ ਭੂਮਿਕਾ ਬਾਰੇ ਸਮਝ ਨੂੰ ਮਜ਼ਬੂਤ ਕਰਨਾ, ਘਰ ਅਤੇ ਸਕੂਲ ’ਚ ਸਰਗਰਮ ਅਤੇ ਸਕਾਰਾਤਮਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਅਤੇ ਸੰਪੂਰਨ ਬਾਲ ਵਿਕਾਸ ਲਈ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਵਿਚਕਾਰ ਮਜ਼ਬੂਤ ਸਹਿਯੋਗ ਨੂੰ ਯਕੀਨੀ ਬਣਾਉਣਾ ਹੈ।

Read More : ਪੰਜਾਬ ਮੰਤਰੀ ਮੰਡਲ ਵੱਲੋਂ ‘ਆਬਾਦੀ ਦੇਹ ਐਕਟ’ ’ਚ ਸੋਧ ਨੂੰ ਮਨਜ਼ੂਰੀ

Leave a Reply

Your email address will not be published. Required fields are marked *