Jaggu Bhagwanpuria

ਜੱਗੂ ਭਗਵਾਨਪੁਰੀਆ ਸਮੇਤ 4 ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਮੋਹਾਲੀ, 17 ਦਸੰਬਰ : ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਸਮੇਤ ਹੋਰਨਾਂ ਖ਼ਿਲਾਫ਼ ਥਾਣਾ (ਐੱਸ.ਐੱਸ.ਓ.ਸੀ) ਫ਼ੇਜ਼-1 ਮੋਹਾਲੀ ਵਿਖੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ’ਚ ਹੋਈ।

ਜੇਲ ਪ੍ਰਸ਼ਾਸਨ ਵੱਲੋਂ ਮੁਲਜ਼ਮ ਯੁਵਰਾਜ ਸਿੰਘ ਉਰਫ ਛੀਨਾ, ਜਸਪਾਲ ਸਿੰਘ ਉਰਫ ਹਨੀ, ਨਿਸ਼ਾਨ ਸਿੰਘ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਅਦਾਲਤ ’ਚ ਪੇਸ਼ ਨਾ ਕਰਨ ’ਤੇ ਅਦਾਲਤ ਨੇ ਚਾਰਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦਿਆਂ ਜੇਲ ਪ੍ਰਸ਼ਾਸਨ ਨੂੰ ਹੁਕਮ ਕੀਤੇ ਹਨ ਕਿ ਚਾਰਾਂ ਮੁਲਜ਼ਮਾਂ ਨੂੰ 12 ਜਨਵਰੀ 2026 ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ।

ਉਕਤ ਮੁਲਜ਼ਮਾਂ ਖ਼ਿਲਾਫ਼ ਜਨਵਰੀ 2023 ’ਚ ਦਰਜ ਕੀਤੀ ਗਈ ਐੱਫ.ਆਈ.ਆਰ. ਮੁਤਾਬਕ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਬੱਲ, ਪ੍ਰਗਟ ਸਿੰਘ, ਦਰਮਨਜੋਤ ਉਰਫ ਦਰਮਨ ਕਾਹਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ। ਉਕਤ ਸਮੂਹ ਨੂੰ ਪਰਮਜੀਤ ਸਿੰਘ ਪੰਮਾ ਵਾਸੀ ਫ਼ੇਜ਼-3ਬੀ2 ਮੋਹਾਲੀ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਹੁਣ ਇੰਗਲੈਂਡ ਦਾ ਵਸਨੀਕ ਹੈ। ਉਹ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਨਾਲ ਵੀ ਜੁੜਿਆ ਹੋਇਆ ਹੈ।

ਉਪਰੋਕਤ ਗਰੁੱਪ ਨੂੰ ਭਾਰਤ ਸਰਕਾਰ ਦੁਆਰਾ ਪਾਬੰਦੀਸ਼ੁਦਾ ਕੀਤਾ ਗਿਆ ਹੈ। ਇਨ੍ਹਾਂ ਦਾ ਇਕ ਖ਼ਾਸ ਗਰੁੱਪ ਨਾਲ ਸਬੰਧਤ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ’ਚ ਸ਼ਾਂਤੀ ਭੰਗ ਕਰ ਕੇ ਦਹਿਸ਼ਤ ਫੈਲਾਉਣ ਦਾ ਇਰਾਦਾ ਹੈ। ਪੁਲਸ ਦੀ ਕਹਾਣੀ ਮੁਤਾਬਕ ਜੱਗੂ ਭਗਵਾਨਪੁਰੀਆ ਤੇ ਪ੍ਰਗਟ ਸਿੰਘ ਇਨ੍ਹਾਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਪ੍ਰਦਾਨ ਕਰ ਰਹੇ ਹਨ। ਅੰਮ੍ਰਿਤ ਬੱਲ ਤੇ ਦਰਮਨ ਕਾਹਲੋਂ ਉਨ੍ਹਾਂ ਦੀ ਵਿੱਤੀ ਸਹਾਇਤਾ ਕਰ ਰਹੇ ਹਨ। ਉਹ ਪੰਜਾਬ ’ਚ ਕੋਈ ਵੀ ਵੱਡੀ ਗ਼ੈਰ-ਕਾਨੂੰਨੀ ਗਤੀਵਿਧੀ ਕਰ ਸਕਦੇ ਹਨ।

ਐੱਸ.ਐੱਸ.ਓ.ਸੀ. ਵੱਲੋਂ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬੱਲ, ਪ੍ਰਗਟ ਸਿੰਘ, ਦਰਮਨਜੋਤ ਉਰਫ਼ ਦਰਮਨ ਕਾਹਲੋਂ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਕਾਰਵਾਈਆਂ ਵਿਰੁੱਧ ਗ਼ੈਰ-ਕਾਨੂੰਨੀ ਗਤੀਵਿਧੀ ਐਕਟ ਦੀ ਧਾਰਾ-17, 18, 20 ਅਤੇ ਆਈ.ਪੀ.ਸੀ. ਦੀ ਧਾਰਾ-120ਬੀ ਤੇ ਅਸਲਾ ਐਕਟ ਦੀ ਧਾਰਾ-25-54-59 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ 17 ਜਨਵਰੀ 2023 ਨੂੰ ਯੁਵਰਾਜ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਕ 32 ਬੋਰ ਦਾ ਪਿਸਤੌਲ, 4 ਕਾਰਤੂਸ ਤੇ ਇਕ ਮੋਟਰਸਾਈਕਲ ਬਿਨਾਂ ਰਜਿਸਟ੍ਰੇਸ਼ਨ ਨੰਬਰ ਬਰਾਮਦ ਕੀਤਾ ਗਿਆ।

ਜਾਂਚ ਦੌਰਾਨ ਨਿਸ਼ਾਨ ਸਿੰਘ ਨੇ ਖ਼ੁਲਾਸਾ ਕੀਤਾ ਕਿ ਅੰਮ੍ਰਿਤਪਾਲ ਬੱਲ ਨੇ ਉਸ ਦੀ ਮੁਲਾਕਾਤ ਜਸਪਾਲ ਸਿੰਘ ਉਰਫ਼ ਹਨੀ ਨਾਲ ਕਰਵਾਈ। ਨਿਸ਼ਾਨ ਸਿੰਘ ਨੇ ਜਸਪਾਲ ਸਿੰਘ ਹਨੀ ਨਾਲ ਮੋਬਾਈਲ ’ਤੇ ਗੱਲ ਕੀਤੀ। ਇਸ ਅਨੁਸਾਰ ਜਸਪਾਲ ਸਿੰਘ ਉਰਫ਼ ਹਨੀ ਨੂੰ ਮੌਜੂਦਾ ਮਾਮਲੇ ’ਚ ਨਾਮਜ਼ਦ ਕਰ ਕੇ 19 ਜਨਵਰੀ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Read More : ਪੰਜਾਬ ’ਚ ਬਣਾਏ ਜਾਣਗੇ 8 ਜੰਗਲ ਤੇ ਕੁਦਰਤ ਜਾਗਰੂਕਤਾ ਪਾਰਕ : ਮੰਤਰੀ ਕਟਾਰੂਚੱਕ

Leave a Reply

Your email address will not be published. Required fields are marked *