ਮਾਸਟਰਮਾਈਂਡ ਐਸ਼ਦੀਪ ਵੀ ਆਇਆ ਅੜਿੱਕੇ, 2 ਪੁਲਸ ਮੁਲਾਜ਼ਮ ਵੀ ਫੱਟੜ
ਡੇਰਾਬੱਸੀ, 17 ਦਸੰਬਰ : ਮੋਹਾਲੀ ਜ਼ਿਲਾ ਪੁਲਸ ਨੇ ਦੋ ਦਿਨ ਪਹਿਲਾਂ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ’ਚ ਸ਼ਾਮਲ ਮੁੱਖ ਮੁਲਜ਼ਮ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਲਾਲੜੂ ’ਚ ਹੋਏ ਇਸ ਮੁਕਾਬਲੇ ਦੌਰਾਨ 2 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਜ਼ਿਲਾ ਪੁਲਸ ਮੁਖੀ ਹਰਮਨਦੀਪ ਹੰਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਪਿੰਦਰ ਉਰਫ ਮਿੱਢੀ ਵਜੋਂ ਹੋਈ, ਜੋ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਸੀ। ਗੋਲੀਬਾਰੀ ਦੌਰਾਨ ਉਸ ਨੂੰ ਗੋਲੀਆਂ ਲੱਗੀਆਂ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ।
ਪੁਲਸ ਟੀਮਾਂ ਨੇ ਇਸ ਮਾਮਲੇ ਦੇ ਮਾਸਟਰਮਾਈਂਡ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਤਰਨਤਾਰਨ ਦੇ ਰਹਿਣ ਵਾਲੇ ਐਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਰੂਸ ’ਚ ਰਹਿ ਰਿਹਾ ਸੀ। ਉਹ ਡੋਨੀ ਬੱਲ ਦੇ ਨਿਰਦੇਸ਼ਾਂ ’ਤੇ ਇਸ ਕਤਲ ਨੂੰ ਅੰਜਾਮ ਦੇਣ ਲਈ 25 ਨਵੰਬਰ ਨੂੰ ਭਾਰਤ ਆਇਆ ਸੀ। ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਮਸਕਟ ਭੱਜਣ ਦੀ ਯੋਜਨਾ ਬਣਾ ਰਿਹਾ ਸੀ।
ਐਸ਼ਦੀਪ ਸਿੰਘ ਆਪਣੇ ਸਾਥੀ ਹਰਪਿੰਦਰ ਮਿੱਢੀ ਨਾਲ ਫ਼ਰਾਰ ਹੋਣ ਦੀ ਤਾਕ ਵਿਚ ਸੀ, ਜਿਸ ਨੇ ਗੋਲੀਬਾਰੀ ਕਰਨ ਵਾਲਿਆਂ ਦੀ ਸਹਾਇਤਾ ਕੀਤੀ ਸੀ। ਡੀ.ਐੱਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੰਸਪੈਕਟਰ ਸੁਮਿਤ ਮੋਰ, ਇੰਸਪੈਕਟਰ ਪੁਸ਼ਵਿੰਦਰ ਸਿੰਘ ਤੇ ਇੰਸਪੈਕਟਰ ਮਲਕੀਅਤ ਸਿੰਘ ਦੀਆਂ ਪੁਲਸ ਪਾਰਟੀਆਂ ਨੇ ਲਾਲੜੂ ਵਿਖੇ ਝਰਮਲ ਨਦੀ ਦੇ ਨੇੜੇ ਅੰਬਾਲਾ-ਲਾਲੜੂ ਹਾਈਵੇਅ ’ਤੇ ਉਕਤ ਵੱਲੋਂ ਦੱਸੇ ਟਿਕਾਣੇ ’ਤੇ ਛਾਪੇਮਾਰੀ ਕੀਤੀ ।
ਪੁਲਸ ਪਾਰਟੀ ਨੂੰ ਦੇਖ ਕੇ ਹਰਪਿੰਦਰ ਮਿੱਢੀ ਨੇ ਪੁਲਸ ਪਾਰਟੀ ’ਤੇ ਗੋਲੀਬਾਰੀ ਕੀਤੀ ,ਜਿਸ ਕਾਰਨ 2 ਪੁਲਸ ਮੁਲਾਜ਼ਮ ਹੈੱਡ ਕਾਂਸਟੇਬਲ ਗੁਲਾਬ ਸਿੰਘ ਅਤੇ ਕੁਮਾਰ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਪੁਲਸ ਪਾਰਟੀ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਪੁਲਸ ਨੇ ਅੰਮ੍ਰਿਤਸਰ ਦਿਹਾਤੀ ਪੁਲਸ ਦੀ ਮਦਦ ਨਾਲ ਇਸ ਮਾਮਲੇ ’ਚ ਸ਼ਾਮਲ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ’ਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ‘ਯੁੱਧ ਨਸ਼ਿਆਂ ਵਿਰੁੱਧ’ : 291ਵੇਂ ਦਿਨ 103 ਨਸ਼ਾ ਸਮੱਗਲਰ ਕਾਬੂ
