ਪੰਜਾਬ-ਯੂ.ਕੇ.

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਪੰਜਾਬ ਪ੍ਰਗਤੀਸ਼ੀਲ ਸੰਮੇਲਨ 2026 ਵਿੱਚ ਯੂ.ਕੇ. ਨੂੰ ਭਾਈਵਾਲ ਦੇਸ਼ ਬਣਨ ਦਾ ਦਿੱਤਾ ਸੱਦਾ

ਚੰਡੀਗੜ੍ਹ, 17 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਪੰਜਾਬ-ਯੂ.ਕੇ. ਰਣਨੀਤਿਕ ਗੱਲਬਾਤ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਬਰਤਾਨੀਆ ਨਾਲ ਵਿਸ਼ੇਸ਼ ਕਰਕੇ ਹੁਣ ਤੱਕ ਅਣਛੋਹੇ ਰਹੇ ਖੇਤਰਾਂ ਵਿੱਚ ਮਜ਼ਬੂਤ ਅਤੇ ਵਿਆਪਕ ਰਣਨੀਤਿਕ ਤੇ ਕਾਰੋਬਾਰੀ ਸਬੰਧਾਂ ‘ਤੇ ਜ਼ੋਰ ਦਿੱਤਾ।

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਅਤੇ ਯੂ.ਕੇ. ਨਾਲ ਸਬੰਧਤ ਵੱਖ-ਵੱਖ ਅਤੇ ਬਹੁ-ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਵਾਇਤੀ ਅਤੇ ਨਵੇਂ ਉੱਭਰ ਰਹੇ ਖੇਤਰਾਂ ਵਿੱਚ ਯੂ.ਕੇ. ਨਾਲ ਮਜ਼ਬੂਤ ਕਾਰੋਬਾਰੀ ਸਬੰਧਾਂ ਦੀ ਸਾਂਝ ਪਾਉਣ ਦਾ ਇਛੁੱਕ ਹੈ।

ਉਨ੍ਹਾਂ ਕਿਹਾ ਕਿ ਸੂਬੇ ਨੇ ਸਹਿਯੋਗ ਦੇ ਪੰਜ ਮੁੱਖ ਖੇਤਰਾਂ ਜਿਨ੍ਹਾਂ ਵਿੱਚ ਉਚੇਰੀ ਸਿੱਖਿਆ, ਟੈਕਸਟਾਈਲ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸ਼ਾਮਲ ਹਨ, ਦੇ ਨਾਲ-ਨਾਲ ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ, ਸੂਚਨਾ ਤਕਨਾਲੋਜੀ ਅਤੇ ਵਪਾਰਕ ਸੇਵਾਵਾਂ ਸਮੇਤ ਨਵੇਂ ਉੱਭਰ ਰਹੇ ਖੇਤਰਾਂ ਦੀ ਪਛਾਣ ਕੀਤੀ ਹੈ।

ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਸਮਰੱਥਾਵਾਂ ਨੂੰ ਦਰਸਾਉਂਦਿਆਂ ਇੱਕ ਵਿਸਤ੍ਰਿਤ ਖਾਕਾ ਪੇਸ਼ ਕੀਤਾ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਕਿ ਪੰਜਾਬ ਵਿੱਚ ਪੰਜ ਹਵਾਈ ਅੱਡਿਆਂ ਅਤੇ ਮਜ਼ਬੂਤ ਕੌਮੀ ਰਾਜਮਾਰਗ ਲਿੰਕਾਂ ਨਾਲ ਵਿਸ਼ਵ ਪੱਧਰੀ ਤੇ ਮਜ਼ਬੂਤ ਸੰਪਰਕ ਨੈਟਵਰਕ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਧੇਰੇ ਹੁਨਰਮੰਦ ਕਾਰਜਬਲ ਹੈ, ਜੋ ਹਰ ਖੇਤਰ ਦੇ ਵਿਕਾਸ ਦੀ ਕੁੰਜੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਹੋਰਨਾਂ ਦੇ ਮੁਕਾਬਲੇ ਕਿਫ਼ਾਇਤੀ ਅਤੇ ਸ਼ਾਂਤਮਈ ਲੇਬਰ ਪੂਲ ਦੀ ਪੇਸ਼ਕਸ਼ ਕਰਦਾ ਹੈ, ਜੋ ਇਸਨੂੰ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਦਾ ਹੈ।

ਮੁੱਖ ਮੰਤਰੀ ਨੇ ਭਵਿੱਖ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਆਰਥਿਕ ਤਰੱਕੀ ਨੂੰ ਤੇਜ਼ ਕਰਨ ਲਈ ਠੋਸ ਯਤਨ ਕਰ ਰਹੀ ਹੈ। ਉਨ੍ਹਾਂ ਨੇ ਯੂ.ਕੇ. ਨਾਲ ਮਜ਼ਬੂਤ ਸਬੰਧਾਂ ਵਾਲੀਆਂ ਫਰਮਾਂ ਸਮੇਤ ਵੱਖ-ਵੱਖ ਫਰਮਾਂ ਦੇ ਪਤਵੰਤਿਆਂ ਅਤੇ ਸੀਨੀਅਰ ਪ੍ਰਤੀਨਿਧੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਪੰਜਾਬ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਚੇਤੇ ਕੀਤਾ।

ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਤੋਂ ਆਪਣੇ ਕਾਰੋਬਾਰ ਸ਼ੁਰੂ ਕਰਨ ਜਾਂ ਇਸ ਦੇ ਵਿਸਥਾਰ ਦੀ ਅਪੀਲ ਕਰਦਿਆਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਨਿੱਘਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਮਜ਼ਬੂਤ ਬੁਨਿਆਦੀ ਢਾਂਚਾ, ਨਿਰਵਿਘਨ ਬਿਜਲੀ ਸਪਲਾਈ ਅਤੇ ਨਿਵੇਸ਼ਕ-ਅਨੁਕੂਲ ਨੀਤੀਆਂ ਇਸ ਨੂੰ ਇੱਕ ਆਦਰਸ਼ ਨਿਵੇਸ਼ ਸਥਾਨ ਬਣਾਉਂਦੀਆਂ ਹਨ।

ਮੁੱਖ ਮੰਤਰੀ ਨੇ ਯੂ.ਕੇ. ਦੇ ਨਿਵੇਸ਼ਕਾਂ ਨੂੰ ਮੋਹਾਲੀ ਵਿਖੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ.), 2026 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਇਸ ਸੰਮੇਲਨ ਦੌਰਾਨ ਇੱਕ ਵਿਸ਼ੇਸ਼ ਯੂ.ਕੇ.-ਕੇਂਦ੍ਰਿਤ ਸੈਸ਼ਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿੱਚ ਟਾਇਨੋਰ, ਹਿੰਦੁਸਤਾਨ ਯੂਨੀਲੀਵਰ, ਬੈੱਡਫੋਰਡ ਸਕੂਲ, ਮੁੰਜਾਲ ਬਰਮਿੰਘਮ ਯੂਨੀਵਰਸਿਟੀ, ਗੰਗਾ ਐਕਰੋਵੂਲਜ਼, ਨੈੱਟਸਮਾਰਟਜ਼, ਰੌਕਪੈਕਰ ਅਤੇ ਹੋਰ ਸ਼ਾਮਲ ਸਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯੂ.ਕੇ. ਤੋਂ ਨਵਾਂ ਨਿਵੇਸ਼ ਪੰਜਾਬ ਦੇ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਦਾ ਹੈ। ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਦੇ ਹਵਾ ਗੁਣਵੱਤਾ ਸੂਚਕ ਅੰਕ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਲਗਾਤਾਰ ਵਾਤਾਵਰਨ ਪੱਖੀ ਯਤਨਾਂ ਸਦਕਾ ਹੁਣ ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਸੂਚਕ ਅੰਕ 70 ਤੋਂ ਘੱਟ ਹੈ। ਉਨ੍ਹਾਂ ਨੇ ਪੇਂਡੂ ਔਰਤਾਂ ਲਈ ਸ਼ੁਰੂ ਕੀਤੀ ਗਈ ਸਵੈ-ਸਹਾਇਤਾ ਗਰੁੱਪ ‘ਪਹਿਲ’ ਉਤੇ ਵੀ ਚਾਨਣਾ ਪਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੇ ਪੂਰਨ ਸਹਿਯੋਗ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੱਸਿਆ ਕਿ ਮੋਹਾਲੀ ਦੇ ਮਜ਼ਬੂਤ ਈਕੋਸਿਸਟਮ, ਸੁਚੱਜੀ ਬਿਜਲੀ ਸਪਲਾਈ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵੇਖਦਿਆਂ ਭਾਰਤੀ ਅਤੇ ਵਿਦੇਸ਼ੀ ਆਈ.ਟੀ. ਕੰਪਨੀਆਂ ਇੱਥੇ ਆਪਣੀਆਂ ਯੂਨਿਟਾਂ ਸਥਾਪਤ ਕਰਨ ਲਈ ਉਤਸੁਕ ਹਨ।

ਇਸ ਦੌਰਾਨ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਨੇ ਦੋਵਾਂ ਧਿਰਾਂ ਦੀ ਸਰਗਰਮ ਭਾਈਵਾਲੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀ ਪਰਵਾਸੀ ਭਾਈਚਾਰੇ ਦੇ ਉਦਯੋਗਪਤੀਆਂ ਨਾਲ ਕੰਮ ਕਰਨਾ ਉਨ੍ਹਾਂ ਲਈ ਇੱਕ ਦਿਲਚਸਪ ਅਨੁਭਵ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਯੂ.ਕੇ. ਦਰਮਿਆਨ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ।

Read More : ਹੈੱਡ ਕਾਂਸਟੇਬਲ ਨੂੰ 4 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ

Leave a Reply

Your email address will not be published. Required fields are marked *