50 ਲੱਖ ਦੀ ਮੰਗੀ ਸੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ
ਮਜੀਠਾ, 15 ਦਸੰਬਰ : 50 ਲੱਖ ਦੀ ਫਿਰੌਤੀ ਨਾ ਦੇਣ ’ਤੇ ਗੈਂਗਸਟਰਾਂ ਨੇ ਮਜੀਠਾ ਦੇ ਕਾਰੋਬਾਰੀ ਕੰਵਲਜੀਤ ਸਿੰਘ ਦੀਆਂ 2 ਗੱਡੀਆਂ ਨੂੰ ਅੱਗ ਲਗਾ ਦਿੱਤੀ ਜਦਕਿ ਕੁਝ ਗੱਡੀਆਂ ਦੀ ਭੰਨਤੋੜ ਕੀਤੀ।
ਇਸ ਸਬੰਧੀ ਪੀੜਤ ਕਾਰੋਬਾਰੀ ਕੰਵਲਜੀਤ ਸਿੰਘ ਵਾਸੀ ਮਜੀਠਾ ਨੇ ਦੱਸਿਆ ਕਿ ਉਹ ਮਜੀਠਾ ਰੇਲਵੇ ਸਟੇਸ਼ਨ ਨੇੜੇ ਗੱਡੀਆਂ ਦਾ ਕਾਰੋਬਾਰ ਕਰਦਾ ਹੈ ਅਤੇ ਇਥੇ ਨਾਲ ਹੀ ਰੈਸਟੋਰੈਂਟ ਦੀ ਇਮਾਰਤ ਵੀ ਬਣਾ ਰਿਹਾ ਹੈ।
ਉਸ ਨੇ ਦੱਸਿਆ ਕਿ ਲੰਘੀ ਦੀਵਾਲੀ ਵਾਲੇ ਦਿਨ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਈ ਸੀ, ਜਿਸ ਵਿਚ ਉਸ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਸਬੰਧੀ ਉਸ ਨੇ ਥਾਣਾ ਮਜੀਠਾ ਵਿਖੇ ਲਿਖਤੀ ਦਰਖਾਸਤ ਦਿੱਤੀ ਸੀ।
ਉਸ ਨੇ ਦੱਸਿਅਾ ਕਿ ਫਿਰੌਤੀ ਨਾ ਦੇਣ ’ਤੇ ਕੁਝ ਦਿਨ ਬਾਅਦ ਫਿਰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਕਿ ‘ਤੂੰ ਪੈਸੇ ਨਹੀਂ ਦੇ ਰਿਹਾ, ਹੁਣ ਅਸੀਂ ਤੇਰੇ ਕਾਰੋਬਾਰ ਦਾ ਨੁਕਸਾਨ ਕਰਾਂਗੇ’ ਅਤੇ ਜਾਨੀ ਨੁਕਸਾਨ ਕਰਨ ਦੀ ਵੀ ਧਮਕੀ ਦਿੱਤੀ।
ਉਸ ਨੇ ਦੱਸਿਆ ਕਿ ਮੈਂ ਇਨ੍ਹਾਂ ਧਮਕੀ ਭਰੀਆਂ ਕਾਲਾਂ ਸਬੰਧੀ ਥਾਣਾ ਮਜੀਠਾ ਵਿਖੇ ਦੁਬਾਰਾ ਜਾਣਕਾਰੀ ਦਿੱਤੀ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਗੈਂਗਸਟਰਾਂ ਨੇ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਮੇਰੀਆਂ ਬਾਹਰ ਖੜ੍ਹ੍ਹੀਆਂ 2 ਗੱਡੀਆਂ ਨੂੰ ਅੱਗ ਲਗਾ ਦਿੱਤੀ ਜਦਕਿ 4 ਗੱਡੀਆਂ ਦੀ ਭੰਨ ਤੋੜ ਕੀਤੀ ਅਤੇ ਧਮਕੀ ਦਿੱਤੀ ਕਿ ਇਸ ਵਾਰ ਤਾਂ ਗੱਡੀਆਂ ਭੰਨੀਆਂ ਹਨ ਪਰ ਹੁਣ ਤੇਰੇ ਗੋਲੀਆਂ ਹੀ ਮਾਰਾਂਗੇ।
ਪੀੜਤ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 6 ਸੀ ਅਤੇ ਇਹ ਦੋ ਮੋਟਰਸਾਈਕਲਾਂ ’ਤੇ ਰਾਤ ਸਮੇਂ ਆਏ ਸਨ। ਗੈਗਸਟਰਾਂ ਨੇ ਫੋਨ ’ਤੇ ਹੁਣ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
Read More : ਰੰਧਾਵਾ ਅਤੇ ਕੈਪਟਨ ਦੋਵੇਂ ਹੀ ਆਪਣੀ ਜ਼ੁਬਾਨ ਦੇ ਕੱਚੇ : ਕੁਲਦੀਪ ਧਾਲੀਵਾਲ
