ਕੁਲਦੀਪ ਧਾਲੀਵਾਲ

ਰੰਧਾਵਾ ਅਤੇ ਕੈਪਟਨ ਦੋਵੇਂ ਹੀ ਆਪਣੀ ਜ਼ੁਬਾਨ ਦੇ ਕੱਚੇ : ਕੁਲਦੀਪ ਧਾਲੀਵਾਲ

ਚੰਡੀਗੜ੍ਹ, 15 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਚਾਨਕ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਤਾਂ ਕਰਨ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰੰਧਾਵਾ ਦਾ ਇਹ ਬਿਆਨ ਭਾਜਪਾ ’ਚ ਸ਼ਾਮਲ ਹੋਣ ਲਈ ਰਾਹ ਪੱਧਰਾ ਕਰਨ ਦੀ ਇਕ ਕੋਸ਼ਿਸ਼ ਹੈ।

ਉਨ੍ਹਾਂ ਪੁੱਛਿਆ ਕਿ ਜਦੋਂ 2021 ’ਚ ਕੈਪਟਨ ਨੂੰ ਗੱਦੀ ਤੋਂ ਲਾਹਿਆ ਗਿਆ ਸੀ, ਉਦੋਂ ਸੁਖਜਿੰਦਰ ਸਿੰਘ ਰੰਧਾਵਾ ਹੀ ਸਭ ਤੋਂ ਅੱਗੇ ਹੋ ਕੇ ਕੈਪਟਨ ‘ਤੇ ਦੋਸ਼ ਲਾ ਰਹੇ ਸਨ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਨਸ਼ੇ ਦਾ ਲੱਕ ਨਹੀਂ ਤੋੜਿਆ ਅਤੇ ਨਾ ਹੀ ਘਰ-ਘਰ ਨੌਕਰੀ ਦਿੱਤੀ।

ਹੁਣ ਰੰਧਾਵਾ ਸਪੱਸ਼ਟ ਕਰਨ ਕਿ ਕੈਪਟਨ ਉਦੋਂ ਠੀਕ ਸਨ ਜਾਂ ਅੱਜ ਠੀਕ ਹਨ? ਅਸਲ ’ਚ ਰੰਧਾਵਾ ਅਤੇ ਕੈਪਟਨ ਦੋਵੇਂ ਹੀ ਆਪਣੀ ਜ਼ੁਬਾਨ ਦੇ ਕੱਚੇ ਹਨ। ਦਾਅਵਾ ਕੀਤਾ ਕਿ ਸੁਖਜਿੰਦਰ ਰੰਧਾਵਾ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਉਹ ਕਾਂਗਰਸ ਦੀ ਬੇੜੀ ਡੋਬ ਕੇ ਭਾਜਪਾ ’ਚ ਸ਼ਾਮਲ ਹੋਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਇਤਿਹਾਸ ਰਿਹਾ ਹੈ ਕਿ ਉਹ ਹਮੇਸ਼ਾ ਸੱਤਾ ਨਾਲ ਚੱਲਦੇ ਹਨ ਭਾਵੇਂ ਮੁਗ਼ਲਾਂ ਦਾ ਸਮਾਂ ਹੋਵੇ, ਅੰਗਰੇਜ਼ਾਂ ਦਾ, ਕਾਂਗਰਸ ਦਾ ਜਾਂ ਹੁਣ ਭਾਜਪਾ ਦਾ। ਕੈਪਟਨ ਪਰਿਵਾਰ ਬਿਨਾਂ ਸੱਤਾ ਤੋਂ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਮੌਕਾਪ੍ਰਸਤ ਆਗੂਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਿਵੇਂ 2022 ’ਚ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ ਸੀ, ਆਉਣ ਵਾਲੇ ਸਮੇਂ ’ਚ ਇਸ ਤੋਂ ਵੀ ਬੁਰਾ ਹਾਲ ਹੋਵੇਗਾ।

ਉਨ੍ਹਾਂ ਕਿਹਾ ਕਿ ਰੰਧਾਵਾ ਵਰਗੇ ਆਗੂ, ਜੋ ਖੁਦ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਨ, ਅੱਜ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਲਿੰਕ ਬਣਾ ਕੇ ਆਪਣਾ ਸਿਆਸੀ ਭਵਿੱਖ ਲੱਭ ਰਹੇ ਹਨ ਪਰ ਪੰਜਾਬੀ ਹੁਣ ਇਨ੍ਹਾਂ ਦੀਆਂ ਚਾਲਾਂ ’ਚ ਨਹੀਂ ਆਉਣਗੇ। ਪੰਜਾਬ ’ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹਨ ‘ਤੇ ਪੰਜਾਬੀਆਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਲੋਕਾਂ ਨੇ ਬਹੁਤ ਹੀ ਅਮਨ-ਚੈਨ ਨਾਲ ਵੋਟਾਂ ਪਾ ਕੇ ਵਿਰੋਧੀਆਂ ਦੇ ਉਸ ਝੂਠੇ ਪ੍ਰਚਾਰ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਜਿਸ ’ਚ ਕਿਹਾ ਜਾ ਰਿਹਾ ਸੀ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਾਂ ਬੈਲੇਟ ਪੇਪਰ ਲੁੱਟੇ ਜਾ ਰਹੇ ਹਨ।

Read More : ਵਿਜੀਲੈਂਸ ਬਿਊਰੋ ਵੱਲੋਂ ਨਵੰਬਰ ਦੌਰਾਨ 8 ਰਿਸ਼ਵਤਖੋਰੀ ਦੇ ਕੇਸਾਂ ’ਚ 11 ਵਿਅਕਤੀ ਕਾਬੂ

Leave a Reply

Your email address will not be published. Required fields are marked *