Baltej Pannu

ਕਾਨੂੰਨੀ ਨੋਟਿਸ ਭੇਜ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ : ਬਲਤੇਜ ਪੰਨੂ

ਚੰਡੀਗੜ੍ਹ, 9 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਾਂਗਰਸ ਪਾਰਟੀ ’ਤੇ ਮੁੱਖ ਮੰਤਰੀ ਦੀ ਕੁਰਸੀ ਦੀ ਕਥਿਤ ‘ਸੇਲ’ ਨਾਲ ਜੁੜੇ 500 ਕਰੋੜ ਰੁਪਏ ਤੇ 350 ਕਰੋੜ ਰੁਪਏ ਦੇ ਸਵਾਲਾਂ ਦਾ ਜਵਾਬ ਨਾ ਦੇਣ ’ਤੇ ਤਿੱਖਾ ਹਮਲਾ ਕੀਤਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਬਲਤੇਜ ਪੰਨੂ ਨੇ ਕਾਂਗਰਸ ਤੋਂ ਪੁੱਛਿਆ ਕਿ ਉਹ ਜਵਾਬ ਕਿਉਂ ਨਹੀਂ ਦੇ ਰਹੀ ਕਿ ਇਹ 500 ਕਰੋੜ ਰੁਪਏ ਅਤੇ 350 ਕਰੋੜ ਰੁਪਏ ਦੀ ਖੇਡ ਕੀ ਸੀ? ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਰਾਤੋ-ਰਾਤ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕੀਤਾ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਫੜਾ ਦਿੱਤਾ। ਕੀ ਇਸ ਨੋਟਿਸਬਾਜ਼ੀ ਨਾਲ ਪੰਜਾਬੀਆਂ ਨੂੰ ਉਨ੍ਹਾਂ ਦੇ ਸਵਾਲ ਦਾ ਜਵਾਬ ਮਿਲ ਜਾਵੇਗਾ ਕਿ ਮੁੱਖ ਮੰਤਰੀ ਦੀ ਕੁਰਸੀ ਸੇਲ ’ਤੇ ਲੱਗੀ ਸੀ?

ਪੰਨੂ ਨੇ ਕਾਂਗਰਸ ਤੋਂ ਇਹ ਵੀ ਪੁੱਛਿਆ ਕਿ ਇਸ ਪੈਸੇ ਦੀ ਅਸਲ ਕਹਾਣੀ ਕੀ ਸੀ? ਇਹ ਪੈਸਾ ਕਿਥੋਂ ਇਕੱਠਾ ਕੀਤਾ ਜਾਂਦਾ ਸੀ? ਕੀ ਇਹ ਕਿਸੇ ਇੰਡਸਟਰੀ, ਪ੍ਰਾਈਵੇਟ ਸਕੂਲਾਂ, ਹਸਪਤਾਲਾਂ ਤੋਂ ਵਸੂਲਿਆ ਜਾਂਦਾ ਸੀ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ‘ਫਾਈਲਾਂ’ ਦੀ ਗੱਲ ਕਰਦੇ ਹਨ, ਉਸੇ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਇਹ ਕੁਲੈਕਸ਼ਨ ਕੀਤੀ ਜਾਂਦੀ ਸੀ? ਇਹ ਦੋ ਰੇਟ ਕਿਉਂ ਸਨ? ਕੀ 500 ਕਰੋੜ 5 ਸਾਲਾਂ ਲਈ ਸੀ ਜਾਂ 350 ਕਰੋੜ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਜਿਹੜੀ ਬਚੀ ਹੋਈ ਟਰਮ ਸੀ, ਉਸ ਲਈ ਸਨ? ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਇਸ ਮਾਮਲੇ ’ਤੇ ਸਪੱਸ਼ਟੀਕਰਨ ਮੰਗਿਆ।

Read More : ਇੰਡੋਨੇਸ਼ੀਆ ਵਿਚ 7 ​​ਮੰਜ਼ਿਲਾ ਦਫ਼ਤਰ ’ਚ ਲੱਗੀ ਅੱਗ, 22 ਦੀ ਮੌਤ

Leave a Reply

Your email address will not be published. Required fields are marked *