100 ਵਿਅਕਤੀਆਂ ’ਤੇ ਪਰਚਾ ਦਰਜ
ਬਠਿੰਡਾ, 9 ਦਸੰਬਰ : ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਉੱਪਰ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਫਿਰੋਜ਼ਪੁਰ–ਦਿੱਲੀ ਰੂਟ ਵੱਲੋਂ ਚਲ ਰਹੀ ਵੰਦੇ ਭਾਰਤ ਐਕਸਪ੍ਰੈਸ ਨੂੰ ਲਗਭਗ 17 ਮਿੰਟ ਲਈ ਰੋਕਣਾ ਪਿਆ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸਥਾਨਕ ਸਵਾਰੀਆਂ ਵੱਲੋਂ ਇਹ ਗੰਭੀਰ ਰੋਸ ਜਤਾਇਆ ਜਾ ਰਿਹਾ ਸੀ ਕਿ ਰੋਜ਼ਾਨਾ ਫਿਰੋਜ਼ਪੁਰ-ਬਠਿੰਡਾ ਜਾਣ ਵਾਲੀ ਡੀ. ਐੱਮ. ਯੂ. 54562 ਅਾਪਣੇ ਸਮੇਂ ’ਤੇ ਸਟੇਸ਼ਨ ਪਹੁੰਚ ਜਾਂਦੀ ਹੈ ਪਰ ਰੇਲਵੇ ਪ੍ਰਸ਼ਾਸਨ ਵੱਲੋਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਨਾਨ-ਸਟਾਪ ਤਰਜ਼ੀਹ ਦੇ ਕੇ ਪੈਸੰਜਰ ਟਰੇਨ ਨੂੰ ਸਾਈਡਿੰਗ ’ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਕੰਮਕਾਜੀ ਲੋਕ ਨੌਕਰੀ ਅਤੇ ਆਪਣੇ ਰੋਜ਼ਾਨਾ ਧੰਦੇ ਲਈ ਦੇਰ ਨਾਲ ਆਪਣੀ ਮੰਜ਼ਿਲ ’ਤੇ ਪਹੁੰਚਦੇ ਹਨ।
ਯਾਤਰੀਆਂ ਦਾ ਰੋਸ ਸੀ ਕਿ ਵਾਰ-ਵਾਰ ਬੇਨਤੀ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ ਤੇ ਅਸੀਂ ਬੇਵਜ੍ਹਾ ਗੈਰ-ਹਾਜ਼ਰੀ ਭੁਗਤਣ ਲਈ ਮਜਬੂਰ ਹਾਂ।
ਅੱਜ ਸਵੇਰੇ ਜਦੋਂ ਇਸੇ ਤਰ੍ਹਾਂ ਡੀ. ਐੱਮ. ਯੂ. ਨੂੰ ਰੋਕ ਕੇ ਵੰਦੇ ਭਾਰਤ ਨੂੰ ਨਿਕਲਣ ਲਈ ਤਿਆਰੀ ਕੀਤੀ ਜਾ ਰਹੀ ਸੀ ਤਾਂ ਯਾਤਰੀ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸਟੇਸ਼ਨ ਮਾਸਟਰ ਕੋਲ ਪਹੁੰਚੇ ਅਤੇ ਸਖਤ ਰੋਸ ਜਤਾਉਂਦੇ ਹੋਏ ਮੰਗ ਕੀਤੀ ਕਿ ਪਹਿਲਾਂ ਲੋਕਲ ਗੱਡੀ ਨੂੰ ਚਲਾਇਆ ਜਾਵੇ।
ਸਾਈਡ ਵਾਲੇ ਟਰੈਕ ’ਤੇ ਖੜੀ ਡੀ. ਐੱਮ. ਯੂ. ਦੀਆਂ ਸਵਾਰੀਆਂ ਗੱਡੀ ’ਚੋਂ ਉਤਰ ਕੇ ਬਾਹਰ ਆ ਗਈਆਂ ਤੇ ਰੇਲਵੇ ਟਰੈਕ ’ਤੇ ਧਰਨਾ ਲਗਾ ਦਿੱਤਾ। ਰੇਲਗੱਡੀ ਦੇ ਰੁਕਣ ਦੀ ਸੂਚਨਾ ਮਿਲਣ ’ਤੇ ਬਠਿੰਡਾ ਅਤੇ ਕੋਟਕਪੂਰਾ ਤੋਂ ਆਰ. ਪੀ. ਐੱਫ. ਪੁਲਸ ਮੁਲਜ਼ਮ ਮੌਕੇ ’ਤੇ ਪਹੁੰਚੇ ਅਤੇ ਭੀੜ ਨੂੰ ਰੇਲਵੇ ਟਰੈਕ ਤੋਂ ਹਟਾ ਦਿੱਤਾ।
ਇਸ ਤੋਂ ਬਾਅਦ ਸਟੇਸ਼ਨ ਮਾਸਟਰ ਵੱਲੋਂ ਤੁਰੰਤ ਫੈਸਲਾ ਲਿਆ ਗਿਆ ਅਤੇ ਵੰਦੇ ਭਾਰਤ ਨੂੰ ਰੋਕ ਕੇ ਪਹਿਲਾਂ ਡੀ. ਐੱਮ. ਯੂ. ਨੂੰ ਗੋਨਿਆਣਾ ਤੋਂ ਅੱਗੇ ਪਾਸ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਦੇਖਦਿਆਂ ਰੇਲਵੇ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਘਟਨਾ ਦੇ ਬਾਅਦ ਰੇਲਵੇ ਪੁਲਸ ਵੱਲੋਂ ਕਰੀਬ 100 ਦੇ ਲਗਭਗ ਅਣਪਛਾਤੇ ਵਿਅਕਤੀਆਂ ਖਿਲਾਫ ਰੇਲ ਗੱਡੀ ਰੋਕਣ ਅਤੇ ਕਾਨੂੰਨੀ ਕਾਰਵਾਈ ’ਚ ਦਖਲ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ’ਚ ਚਰਚਾ ਹੈ ਕਿ ਜੇਕਰ ਰੋਜ਼ਾਨਾ ਤਰਜ਼ੀਹ ਵੰਦੇ ਭਾਰਤ ਨੂੰ ਹੀ ਦਿੱਤੀ ਜਾਂਦੀ ਰਹੀ ਤਾਂ ਆਉਣ ਵਾਲੇ ਦਿਨਾਂ ’ਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਸਭ ਗੱਡੀਆਂ ਦੇ ਸਮੇਂ ਦੀ ਨਿਆਂਯੋਗ ਯੋਜਨਾ ਬਣਾਈ ਜਾਣਾ ਸਮੇਂ ਦੀ ਲੋੜ ਹੈ।
Read More : ਕਾਰ ਹਾਦਸੇ ’ਚ ਵਾਲ-ਵਾਲ ਬਚੇ ਅਦਾਕਾਰ ਜ਼ੀਸ਼ਾਨ ਖਾਨ
