ਡਾ.ਸਿੱਧੂ ਵੱਲੋਂ ਪੈਸੇ ਦੇ ਕੇ ਕਾਂਗਰਸ ’ਚ ਸ਼ਾਮਲ ਹੋਣ ਦੇ ਦਾਅਵੇ ਦਾ ਕੀਤਾ ਖੰਡਨ
ਚੰਡੀਗੜ੍ਹ, 9 ਦਸੰਬਰ : ਡਾ. ਨਵਜੋਤ ਕੌਰ ਸਿੱਧੂ ਵੱਲੋਂ ਲਗਾਤਾਰ ਕਾਂਗਰਸ ਅਤੇ ਕਾਂਗਰਸੀ ਨੇਤਾਵਾਂ ‘ਤੇ ਹੋ ਰਹੇ ਹਮਲਿਆਂ ਦਰਮਿਆਨ ਹੁਣ ਉਨ੍ਹਾਂ ਦੇ ਨਵੇਂ ਦਾਅਵੇ ‘ਤੇ ਅਨਿਲ ਜੋਸ਼ੀ ਨੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਅਨਿਲ ਜੋਸ਼ੀ ਪੈਸੇ ਦੇ ਕੇ ਕਾਂਗਰਸ ’ਚ ਸ਼ਾਮਲ ਹੋਏ ਸਨ ਅਤੇ ਹੁਣ ਉਹ ਮੁੜ ਤੋਂ ਅਕਾਲੀ ਦਲ ’ਚ ਜਾਣ ਦੀ ਤਿਆਰੀ ਕਰ ਰਹੇ ਨੇ।
ਅਨਿਲ ਜੋਸ਼ੀ ਨੇ ਉਨ੍ਹਾਂ ਦੇ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਨਾ ਕਦੇ ਪੈਸਾ ਦੇ ਕੇ ਪਾਰਟੀ ’ਚ ਸ਼ਾਮਲ ਹੋਏ ਤੇ ਨਾ ਹੀ ਉਨ੍ਹਾਂ ਨੇ ਕਦੇ ਕਿਸੇ ਤੋਂ ਪੈਸਾ ਲਿਆ। ਮੇਰਾ ਜ਼ਮੀਰ ਹੁਣ ਤੱਕ ਕਾਇਮ ਹੈ। ਜੇ ਪੈਸਾ ਲੈਣ ਜਾਂ ਦੇਣ ਦੀ ਨੌਬਤ ਆਵੇ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ।
ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਦੀ ਉਨ੍ਹਾਂ ਨਾਲ ਕਦੇ ਕੋਈ ਲਾਕਾਤ ਨਹੀਂ ਹੋਈ। ਜਿਨ੍ਹਾਂ ਨਾਲ ਕਦੇ 10 ਮਿੰਟ ਗੱਲ ਨਾ ਕੀਤੀ ਹੋਵੇ, ਉਹ ਮੇਰੇ ਬਾਰੇ ਇੰਨੇ ਵੱਡੇ ਦਾਅਵੇ ਕਰ ਰਹੇ ਨੇ। ਇਨ੍ਹਾਂ ਨੂੰ ਪਤਾ ਨਹੀਂ ਕਿੱਥੋਂ ਇਹ ਭਵਿੱਖਬਾਣੀਆਂ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਵੱਲੋਂ ਚੁਣੇ ਗਏ, ਮੰਤਰੀ ਰਹੇ, ਫਿਰ ਅਕਾਲੀ ਦਲ ’ਚ ਗਏ ਅਤੇ ਹੁਣ ਕਾਂਗਰਸ ’ਚ ਹਨ ਪਰ ਕਦੇ ਵੀ ਜਾਤ-ਧਰਮ ਜਾਂ ਪਾਰਟੀ ਪੁੱਛ ਕੇ ਕੰਮ ਨਹੀਂ ਕੀਤਾ। ਮੇਰੀ ਸੋਚ ਪੇਂਡੂ ਤੇ ਸੈਕੂਲਰ ਹੈ। ਕਾਂਗਰਸ ਦੀ ਵਿਚਾਰਧਾਰਾ ਮੈਨੂੰ ਪੂਰੀ ਤਰ੍ਹਾਂ ਕਬੂਲ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਚੋਣਾਂ ਲੋਕਾਂ ਦੇ ਤਨ-ਮਨ-ਧਨ ਦੀ ਸਹਾਇਤਾ ਨਾਲ ਲੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਦਾਅਵਾ ਬਿਲਕੁਲ ਬੇਬੁਨਿਆਦ ਹੈ ਕਿ ਮੈਂ ਪੈਸਾ ਦੇ ਕੇ ਕਾਂਗਰਸ ’ਚ ਆਇਆ। ਲੋਕ ਮੇਰੀ ਹਮਾਇਤ ਕਰਦੇ ਹਨ, ਇਹੋ ਮੇਰੀ ਤਾਕਤ ਹੈ।
ਉਨ੍ਹਾਂ ਕਿਹਾ ਕਿ ਉਹ ਕਾਂਗਰਸ ’ਚ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਅਕਾਲੀ ਦਲ ’ਚ ਮੁੜ ਜਾਣ ਦੀ ਕੋਈ ਗੱਲ ਹੀ ਨਹੀਂ। ਡਾ. ਸਿੱਧੂ ਦੇ ਇਹ ਦਾਅਵੇ ਤੱਥਹੀਣ ਹਨ। ਉਨ੍ਹਾਂ ਕਿਹਾ ਨਾ ਮੇਰੇ ਨਾਲ ਕੋਈ ਗੱਲ ਹੋਈ, ਨਾ ਹੀ ਮੈਂ ਕਿਸੇ ਨਾਲ ਕੋਈ ਅਜਿਹੀ ਚਰਚਾ ਕੀਤੀ ਹੈ।
Read More : ਚੋਣਾਂ ’ਚ ਧੱਕੇਸ਼ਾਹੀ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਮਾਹੌਲ : ਵੜਿੰਗ
