face to face

ਨਾਮਜ਼ਦਗੀ ਦੌਰਾਨ ‘ਆਪ’ ਤੇ ਕਾਂਗਰਸੀ ਵਰਕਰ ਹੋਏ ਆਹਮੋ-ਸਾਹਮਣੇ

ਕਈ ਦੀਆਂ ਪੱਗਾਂ ਤੱਕ ਲੱਥੀਆਂ

ਡੇਰਾ ਬਾਬਾ ਨਾਨਕ, 4 ਦਸੰਬਰ : ਡੇਰਾ ਬਾਬਾ ਨਾਨਕ ਦੀ ਤਹਿਸੀਲ ਵਿਚ ਅੱਜ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਲਈ ਨਾਮਜ਼ਦਗੀ ਪੱਤਰ ਭਰਨ ਸਮੇਂ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਆਪਸ ਵਿਚ ਉਲਝ ਗਏ। ਇਸੇ ਦੌਰਾਨ ਕੁਝ ਵਿਅਕਤੀਆਂ ਦੀਆਂ ਪੱਗਾਂ ਤੱਕ ਲੱਥ ਗਈਆਂ ।

ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਪਾਰਟੀਆਂ ਦੇ ਵਰਕਰ ਆਪਸ ਵਿਚ ਉਲਝਦੇ ਰਹੇ। ਪੁਲਸ ਨੇ ਬਹੁਤ ਮੁਸ਼ਕਲ ਨਾਲ ਦੋਵਾਂ ਧੜਿਆਂ ਨੂੰ ਸ਼ਾਂਤ ਕਰਵਾਇਆ। ਦੂਜੇ ਪਾਸੇ, ਮੌਕੇ ’ਤੇ ਪਹੁੰਚੇ ਸੰਸਦ ਮੈਂਬਰ ਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਸ਼ਾਂਤੀਪੂਰਨ ਢੰਗ ਨਾਲ ਆਪਣੇ ਕਾਗਜ਼ ਦਾਖਲ ਕਰ ਰਹੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦੇ ਉਮੀਦਵਾਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਦੀਆਂ ਪੱਗਾਂ ਤੱਕ ਉਤਾਰ ਦਿੱਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਪੁਲਸ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਅੰਦਰ ਜਾਣ ਤੋਂ ਵੀ ਰੋਕਿਆ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੇ ਐੱਸ.ਐੱਸ.ਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਅੱਜ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਹੋਈ ਤਕਰਾਰ ਤੋਂ ਬਾਅਦ ਪੁਲਸ ਵਲੋਂ ਮੌਕੇ ਨੂੰ ਸ਼ਾਂਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Read More : ਅੰਮ੍ਰਿਤਸਰ ਬੱਸ ਸਟੈਂਡ ਕਤਲ ਕਾਂਡ ’ਚ 3 ਸ਼ੂਟਰਾਂ ਸਮੇਤ 6 ਗ੍ਰਿਫ਼ਤਾਰ

Leave a Reply

Your email address will not be published. Required fields are marked *