ਸੁਖਬੀਰ ਬਾਦਲ ਦੀ ਮੌਜੂਦਗੀ ’ਚ ਅਕਾਲੀ ਵਰਕਰਾਂ ਦੀ ਹੋਈ ਕੁੱਟਮਾਰ
ਭਿੱਖੀਵਿੰਡ, 3 ਦਸੰਬਰ : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਭਿੱਖੀਵਿੰਡ ਬਲਾਕ ਵਿਚ ਸਥਿਤੀ ਉਸ ਵੇਲੇ ਤਣਾਵਪੂਰਨ ਬਣ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲਾਕ ਸੰਮਤੀ ਮੈਂਬਰਾਂ ਦੇ ਕਾਗਜ਼ ਜਮ੍ਹਾਂ ਕਰਾਉਣ ਲਈ ਬਲਾਕ ਦਫਤਰ ਭਿੱਖੀਵਿੰਡ ਦੇ ਬਾਹਰ ਆਏ ਅਤੇ ਉਨ੍ਹਾਂ ਵੱਲੋਂ ਲਿਆਂਦੇ ਗਏ ਪਾਰਟੀ ਕੈਂਡੀਡੇਟਾਂ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਰੱਜ ਕੇ ਗੁੰਡਾਗਰਦੀ ਦਾ ਨਾਚ ਹੋਇਆ।
ਪੁਲਸ ਮੂਕ ਦਰਸ਼ਕ ਬਣੀ ਵੇਖਦੀ ਰਹੀ ਅਤੇ ਸੁਖਬੀਰ ਸਿੰਘ ਬਾਦਲ ਆਪਣੀਆਂ ਗੱਡੀਆਂ ਦਾ ਕਾਫਲਾ ਲੈ ਕੇ ਕਾਗਜ਼ ਦਾਖਲ ਕਰਨ ਵਾਲੀ ਜਗ੍ਹਾ ਤੋਂ ਭਿੱਖੀਵਿੰਡ ਦੇ ਮੇਨ ਚੌਂਕ ਵਿਚ ਪਹੁੰਚ ਗਏ ਅਤੇ ਅਕਾਲੀ ਦਲ ਦੇ ਵਰਕਰਾਂ, ਅਹੁਦੇਦਾਰਾਂ ਨੇ ਭਿੱਖੀਵਿੰਡ ਦਾ ਮੇਨ ਚੌਂਕ ਬੰਦ ਕਰ ਦਿੱਤਾ, ਜਿਸ ’ਤੇ ਥੋੜੀ ਦੇਰ ਬਾਅਦ ਹੀ ਉਥੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰਾ, ਚੇਅਰਮੈਨ ਸਿਮਰਜੀਤ ਸਿੰਘ ਭੈਣੀ ਦੀ ਅਗਵਾਈ ਵਿਚ ਕਾਂਗਰਸੀ ਵਰਕਰ ਤੇ ਅਹੁਦੇਦਾਰ ਵੀ ਉਥੇ ਪਹੁੰਚ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਉਪਰੋਕਤ ਦੋਵਾਂ ਧਿਰਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸ਼ਰੇਆਮ ਗੁੰਡਾਗਰਦੀ ਕਰਕੇ ਵਿਰੋਧੀਆਂ ਦੀਆਂ ਫਾਈਲਾਂ ਪਾੜੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕ ਘੰਟੇ ਤੋਂ ਵਧ ਸਮਾਂ ਆਪਣੇ ਵਰਕਰਾਂ ਨਾਲ ਡਟੇ ਰਹੇ।
ਦੇਰ ਸ਼ਾਮ ਜ਼ਿਲੇ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ, ਐੱਸ. ਡੀ. ਐੱਮ. ਭਿੱਖੀਵਿੰਡ ਪਹੁੰਚੇ ਅਤੇ ਵਿਸ਼ਵਾਸ ਦਿਵਾਇਆ ਕਿ ਫਾਈਲਾਂ ਜਮ੍ਹਾਂ ਕਰਵਾਈਆਂ ਜਾਣਗੀਆਂ, ਜਿਸ ਤੋਂ ਬਾਅਦ 23 ਦੇ ਕਰੀਬ ਅਕਾਲੀ ਦਲ ਨਾਲ ਸਬੰਧਤ ਉਮੀਦਵਾਰਾਂ ਦੀਆਂ ਫਾਈਲਾਂ ਜਮ੍ਹਾਂ ਹੋਈਆਂ। ਇਸ ਮੌਕੇ ’ਤੇ ਜ਼ਿਲਾ ਪੁਲਸ ਮੁਖੀ ਨੇ ਕਿਹਾ ਕੱਲ ਨੂੰ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਜਾਣਗੇ, ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਕਾਗਜ਼ ਬਾਕੀ ਕੱਲ ਕਰਵਾ ਲੈਣ।
Read More : ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ
