ਡਿਉੂਟੀ ’ਚ ਵਿਘਨ ਪਾਉਣ ਦੇ ਦੋਸ਼ ’ਚ 15 ਲੋਕਾਂ ਖਿਲਾਫ ਮਾਮਲਾ ਦਰਜ
ਸਮਾਣਾ, 3 ਦਸੰਬਰ : ਬੁੱਧਵਾਰ ਤੜਕਸਾਰ ਸਥਾਨਕ ਸਿਟੀ ਪੁਲਸ ਨੇ ਪਿੰਡ ਮਿਆਲਕਲਾਂ ਵਿਖੇ ਡੇਰਿਆਂ ਦੇ ਇਕ ਘਰ ਵਿਚ ਇਕ ਵਿਅਕਤੀ ਨੂੰ ਫੜਨ ਲਈ ਛਾਪੇਮਾਰੀ ਕੀਤੀ। ਇਸ ਦੌਰਾਨ ਉਕਤ ਵਿਅਕਤੀ ਚੁਬਾਰੇ ਤੋਂ ਛਾਲ ਮਾਰਨ ਕਾਰਨ ਜ਼ਖ਼ਮੀ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਗੱਡੀ ’ਚ ਫਰਾਰ ਹੋ ਗਿਆ। ਪੁਲਸ ਨੇ ਡਿਉੂਟੀ ’ਚ ਵਿਘਨ ਪਾਉਣ ਦੇ ਦੋਸ਼ ਹੇਠ ਕਰੀਬ 15 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਡੇਰੇ ’ਚ ਰਹਿੰਦੇ ਸਰਵਣ ਸਿੰਘ ਨੇ ਦੱਸਿਆ ਕਿ ਉਹ ਜਦੋਂ ਕਰੀਬ 4 ਵਜੇ ਉੱਠੇ ਤਾਂ ਡੇਰਿਆਂ ਦੁਆਲੇ ਗੁਰਭੇਜ ਸਿੰਘ ਨੂੰ ਫੜਨ ਲਈ ਵੱਡੀ ਗਿਣਤੀ ’ਚ ਪੁਲਸ ਨੇ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਵੱਲੋਂ ਦਰਵਾਜ਼ਾ ਖੋਲ੍ਹਣ ’ਤੇ ਜਦੋਂ ਪੁਲਸ ਘਰ ਅੰਦਰ ਦਾਖਲ ਹੋਈ ਤਾਂ ਉਹ ਪੌੜੀਆਂ ਰਾਹੀਂ ਚੁਬਾਰੇ ਦੀ ਛੱਤ ’ਤੇ ਚੜ੍ਹਦਿਆਂ ਹੇਠਾਂ ਡਿੱਗ ਪਿਆ। ਜਦੋਂ ਸੱਟਾਂ ਲੱਗਣ ’ਤੇ ਉਹ ਰੌਲਾ ਪਾਉਣ ਲੱਗਾ ਤਾਂ ਇਕੱਠੇ ਹੋਏ ਲੋਕ ਉਸ ਨੂੰ ਇਕ ਕਾਰ ਰਾਹੀਂ ਹਸਪਤਾਲ ਇਲਾਜ ਕਰਵਾਉਣ ਦੇ ਬਹਾਨੇ ਫਰਾਰ ਹੋ ਗਏ।
ਇਸ ਸਬੰਧੀ ਡੀ. ਐੱਸ. ਪੀ. ਗੁਰਬੀਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਦਰਜ ਮੁਕੱਦਮਿਆਂ ਸਬੰਧੀ ਰੇਡ ਕੀਤੀ ਸੀ ਪਰ ਉਹ ਮੌਕੇ ਤੋਂ ਭੱਜ ਗਿਆ। ਜਦੋਂ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਕਸਟਡੀ ’ਚ ਹੋਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਭ ਬੇਬੁਨਿਆਦ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਡਿਊਟੀ ’ਚ ਵਿਘਨ ਪਾਉਣ ਵਾਲੇ 15 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Read More : ਦਿੱਲੀ ਨਗਰ ਨਿਗਮ ਉਪ ਚੋਣਾਂ ਵਿਚ ਭਾਜਪਾ 7 ਅਤੇ ‘ਆਪ’ 3 ਸੀਟਾਂ ‘ਤੇ ਜੇਤੂ
