ਚੰਡੀਗੜ੍ਹ, 2 ਦਸੰਬਰ : ਪੰਜਾਬ ਵਿੱਚ ਸੀਤ ਲਹਿਰ ਦਾ ਅਸਰ ਵਧਣ ਲੱਗਾ ਹੈ, ਜਿਸਨੂੰ ਲੈ ਕੇ ਸੂਬੇ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਵਧੇਰੇ ਪ੍ਰਭਾਵਿਤ ਹਨ।
ਉੱਥੇ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਜਾਰੀ ਹੈ। ਵੱਧ ਤੋਂ ਵੱਧ ਤਾਪਮਾਨ 0.3 ਡਿਗਰੀ ਹੇਠਾਂ ਡਿੱਗਿਆ ਹੈ, ਜਦੋਂ ਕਿ ਇਹ ਆਮ ਨਾਲੋਂ ਘੱਟ ਦਰਜ ਕੀਤਾ ਜਾ ਰਿਹਾ ਹੈ, ਉੱਥੇ ਹੀ ਘੱਟੋ-ਘੱਟ ਤਾਪਮਾਨ ਵੀ ਹਫ਼ਤੇ ਭਰ ਆਮ ਦੇ ਨੇੜੇ ਬਣੇ ਰਹਿਣ ਦਾ ਅਨੁਮਾਨ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ 8 ਜ਼ਿਲ੍ਹਿਆਂ ਜਲੰਧਰ, ਫਿਰੋਜ਼ਪੁਰ, ਮੋਗਾ, ਫ਼ਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਅੱਜ ਕੁਝ ਇਲਾਕਿਆਂ ਵਿੱਚ ਸਵੇਰੇ ਹਲਕਾ ਕੋਹਰਾ ਵੀ ਰਿਹਾ। ਆਉਣ ਵਾਲੇ ਇੱਕ ਹਫ਼ਤੇ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਬਾਰਿਸ਼ ਦੇ ਆਸਾਰ ਨਹੀਂ ਦਿਸ ਰਹੇ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 72 ਘੰਟਿਆਂ ਵਿੱਚ ਸੀਤ ਲਹਿਰ ਆਪਣਾ ਦਾਇਰਾ ਵਧਾਏਗੀ ਅਤੇ ਤਕਰੀਬਨ 11 ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹੋਣਗੇ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਘੱਟ ਬਣਿਆ ਹੋਇਆ ਹੈ। ਸੋਮਵਾਰ ਸ਼ਾਮ ਨੂੰ ਸੂਬੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਵਿੱਚ ਕੋਈ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ।
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 22.1 ਡਿਗਰੀ, ਲੁਧਿਆਣਾ ਵਿੱਚ 22.2 ਡਿਗਰੀ, ਪਟਿਆਲਾ ਵਿੱਚ 24.2 ਡਿਗਰੀ, ਪਠਾਨਕੋਟ ਵਿੱਚ 22.7 ਡਿਗਰੀ ਅਤੇ ਬਠਿੰਡਾ ਵਿੱਚ 23.6 ਡਿਗਰੀ ਦਰਜ ਕੀਤਾ ਗਿਆ।
ਸੂਬੇ ਵਿੱਚ ਫਿਲਹਾਲ ਬਾਰਿਸ਼ ਦੇ ਆਸਾਰ ਨਹੀਂ ਬਣ ਰਹੇ। ਅਜਿਹੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਨਹੀਂ ਦਿਸ ਰਿਹਾ। ਪ੍ਰਦੂਸ਼ਣ ਬੋਰਡ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਅੰਮ੍ਰਿਤਸਰ ਦਾ AQI 108, ਬਠਿੰਡਾ ਦਾ 78, ਜਲੰਧਰ ਦਾ 181, ਖੰਨਾ ਅਤੇ ਲੁਧਿਆਣਾ ਦਾ 117, ਪਟਿਆਲਾ ਦਾ 118 ਅਤੇ ਮੰਡੀ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ 149 ਦਰਜ ਕੀਤੀ ਗਈ।
Read More : ਸ਼੍ਰੋਮਣੀ ਅਕਾਲੀ ਦਲ ਦੀ ਤਰਜੀਹ ਕੇਵਲ ਪੰਜਾਬ : ਹਰਸਿਮਰਤ ਬਾਦਲ
