ਮੁਲਜ਼ਮ ਪਾਕਿਸਤਾਨੀ ਹੈਂਡਲਰ ਦੇ ਇਸ਼ਾਰੇ ’ਤੇ ਕਰ ਰਹੇ ਸੀ ਕੰਮ : ਡੀ. ਜੀ. ਪੀ. ਗੌਰਵ ਯਾਦਵ
ਅੰਮ੍ਰਿਤਸਰ, 1 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਮਾਡਿਊਲ ਦੇ 2 ਕਾਰਕੁੰਨਾਂ ਨੂੰ 7 ਆਧੁਨਿਕ ਪਿਸਤੌਲਾਂ, ਜਿਨ੍ਹਾਂ ’ਚ ਤਿੰਨ ਪੀ. ਐਕਸ 5 ਅਤੇ ਚਾਰ 30 ਬੋਰ ਦੇ ਪਿਸਤੌਲ ਸ਼ਾਮਲ ਹਨ, ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਇਥੇ ਜਾਣਕਾਰੀ ਦਿੰਦਿਆ ਡਾਇਰੈਕਟਰ ਜਨਰਲ ਆਫ ਪੁਲਸ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ (32) ਵਾਸੀ ਪਿੰਡ ਭਿੰਡੀ ਨੈਣ ਅੰਮ੍ਰਿਤਸਰ ਅਤੇ ਜੁਗਰਾਜ ਸਿੰਘ ਉਰਫ਼ ਜੱਗਾ (29) ਵਾਸੀ ਪਿੰਡ ਮੁੱਲਾ ਬਹਿਰਾਮ ਅੰਮ੍ਰਿਤਸਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਇਹ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਇਨ੍ਹਾਂ ਖਿਲਾਫ਼ ਕਤਲ, ਅਸਲਾ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਮਾਮਲੇ ਦਰਜ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਪਾਕਿਸਤਾਨ ਆਧਾਰਤ ਹੈਂਡਲਰ, ਜੋ ਉਨ੍ਹਾਂ ਨਾਲ ਵ੍ਹਟਸਅੈਪ ਰਾਹੀਂ ਗੱਲਬਾਤ ਕਰਦਾ ਸੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲਈ ਪਿਕਅੱਪ ਪੁਆਇੰਟ ਅਤੇ ਡਿਲੀਵਰੀ ਰੂਟ ਨਿਰਧਾਰਤ ਕਰਦਾ ਸੀ, ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਡੀ. ਜੀ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਬਾਰੇ ਜਾਣਕਾਰੀ ਲਈ ਹੋਰ ਜਾਂਚ ਜਾਰੀ ਹੈ।
ਇਸ ਆਪ੍ਰੇਸ਼ਨ ਬਾਰੇ ਕਮਿਸ਼ਨਰ ਆਫ ਪੁਲਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਛਾਉਣੀ ਖੇਤਰ ਵਿਚ ਨਾਕਾਬੰਦੀ ਦੌਰਾਨ ਸ਼ੱਕੀ ਬਲਵਿੰਦਰ ਸਿੰਘ ਨੂੰ ਰੋਕਿਆ ਅਤੇ ਉਸ ਦੇ ਕਬਜ਼ੇ ’ਚੋਂ 5 ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ। ਬਲਵਿੰਦਰ ਦੇ ਖੁਲਾਸੇ ਦੇ ਆਧਾਰ ’ਤੇ ਪੁਲਸ ਨੇ ਛਾਪੇਮਾਰੀ ਕਰ ਕੇ ਉਸ ਦੇ ਸਾਥੀ ਜੁਗਰਾਜ ਸਿੰਘ ਉਰਫ਼ ਜੱਗਾ ਨੂੰ ਦੋ .30 ਬੋਰ ਦੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ।
ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿੰਦੇ ਸਨ, ਜਿਸ ਕਾਰਨ ਉਹ ਸਰਹੱਦ ਪਾਰੋਂ ਸਮੱਗਲਿੰਗ ਚੇਨ ਵਿਚ ਸਰਗਰਮੀ ਨਾਲ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਲਵਿੰਦਰ ਸਿੰਘ ਅਤੇ ਜੁਗਰਾਜ ਉਰਫ ਜੱਗਾ ਅੰਮ੍ਰਿਤਸਰ ਦਿਹਾਤੀ ਸੈਕਟਰ ਵਿਚ ਸਰਗਰਮ ਸਨ ਅਤੇ ਸਮੱਗਲਿੰਗ ਕੀਤੇ ਹਥਿਆਰਾਂ ਦੀ ਸਪਲਾਈ ਅਤੇ ਵੰਡ ਵਿਚ ਸਹਾਇਤਾ ਕਰਦੇ ਸਨ। ਇਸ ਸਬੰਧੀ ਥਾਣਾ ਕੰਟੋਨਮੈਂਟ ਿਵਖੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
