ਜੇਲਾਂ ਤੋਂ ਲੈ ਕੇ ਬਾਰਡਰ ਤੱਕ ਗੈਂਗਸਟਰਾਂ ਦਾ ਜਾਲ ਬੇਖੌਫ਼ ਚੱਲ ਰਿਹੈ
ਅੰਮ੍ਰਿਤਸਰ, 30 ਨਵੰਬਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸੂਬੇ ਵਿਚ ਵਧ ਰਹੇ ਗੈਂਗਸਟਰਵਾਦ ਤੇ ਨਸ਼ੇ ਦੇ ਕਾਰੋਬਾਰ ’ਤੇ ਸਰਕਾਰ ਨੂੰ ਖੁੱਲ੍ਹ ਕੇ ਘੇਰਿਆ।
ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ “ਮੈਂ ਵਾਰ-ਵਾਰ ਅੰਕੜੇ ਤੇ ਨਾਂ ਦੇ ਰਿਹਾ ਹਾਂ, ਹੁਣ ਤਾਂ ਤੁਸੀਂ ਉਨ੍ਹਾਂ ’ਤੇ ਕਾਰਵਾਈ ਕਰੋ। ਸਿਰਫ਼ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲਣਾ।
ਰੰਧਾਵਾ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ ਜੇਲਾਂ ਤੋਂ ਲੈ ਕੇ ਬਾਰਡਰ ਤਕ ਗੈਂਗਸਟਰਾਂ ਦਾ ਜਾਲ ਬੇਖੌਫ਼ ਚੱਲ ਰਿਹਾ ਹੈ ਤੇ ਨਸ਼ੇ ਦਾ ਕਾਰੋਬਾਰ ਦਿਨ ਦੁੱਗਣਾ, ਰਾਤ ਚੌਗੁਣਾ ਵਧ ਰਿਹਾ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਕਹਿੰਦੇ ਹਨ ਕਿ ਡੀ. ਜੀ. ਪੀ. ਨਾਲ ਗੱਲ ਕਰ ਲਓ। ਮੈਂ ਤਾਂ ਕਹਿੰਦਾ ਹਾਂ ਡੀ. ਜੀ. ਪੀ. ਨਾਲ ਗੱਲ ਕਰਨ ਦੀ ਲੋੜ ਨਹੀਂ, ਜਿਹੜੀ ਲਿਸਟ ਮੈਂ ਦਿੱਤੀ ਹੈ, ਉਸ ’ਤੇ ਤੁਰੰਤ ਐਕਸ਼ਨ ਲਓ। ਡਾਟਾ ਮੈਂ ਦੇ ਰਿਹਾ ਹਾਂ, ਵਾਰ ਤੁਹਾਡਾ ਹੈ।”
ਕਾਂਗਰਸ ਦੇ ਸੀਨੀਅਰ ਆਗੂ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ‘ਸਭ ਤੋਂ ਹੇਠਲੇ ਪੱਧਰ’ ’ਤੇ ਪਹੁੰਚਿਆ ਦੱਸਿਆ ਤੇ ਚਿਤਾਵਨੀ ਦਿੱਤੀ ਕਿ ਜੇ ਹੁਣ ਵੀ ਨਾ ਚੌਕਸ ਹੋਏ ਤਾਂ ਪੰਜਾਬ ਫਿਰ ਹਨੇਰੇ ਦੇ ਦੌਰ ਵਿਚ ਚਲਾ ਜਾਵੇਗਾ।
ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀ. ਜੀ. ਪੀ. ਨੂੰ ਤਲਬ ਕਰ ਕੇ ਅਸਲ ਸਥਿਤੀ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੰਚਨਪ੍ਰੀਤ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਸੀ।
Read More : ਪ੍ਰੇਮ ਸੰਬੰਧਾਂ ਕਾਰਨ ਵਿਅਕਤੀ ਦਾ ਕਤਲ
