ਮੋਹਾਲੀ, 30 ਨਵੰਬਰ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ ਦੋ ਸਾਬਕਾ ਕੈਡਿਟਾਂ ਨੂੰ ਕੇਰਲਾ ਦੇ ਏਝੀਮਾਲਾ ਵਿਖੇ ਕਰਵਾਈ ਗਈ ਇੰਡੀਅਨ ਨੇਵਲ ਅਕੈਡਮੀ (ਆਈ. ਐੱਨ. ਏ.) ਦੀ ਪਾਸਿੰਗ ਆਊਟ ਪਰੇਡ (ਪੀ. ਓ. ਪੀ.) ’ਚ ਭਾਰਤੀ ਜਲ ਸੈਨਾ ’ਚ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ।
ਇਸ ਪਰੇਡ ਦਾ ਨਿਰੀਖਣ ਚੀਫ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਪੀ. ਵੀ. ਐੱਸ. ਐੱਮ., ਯੂ. ਵਾਈ. ਐੱਸ. ਐੱਮ,. ਏ. ਵੀ. ਐੱਸ. ਐੱਮ., ਐੱਸ. ਐੱਮ., ਵੀ. ਐੱਸ. ਐੱਮ. ਵੱਲੋਂ ਕੀਤਾ ਗਿਆ। ਦੋਵੇਂ ਅਫ਼ਸਰ ਪਾਰਸਦੀਪ ਸਿੰਘ ਖੋਸਾ ਤੇ ਯੁਵਰਾਜ ਸਿੰਘ ਤੋਮਰ ਪੜ੍ਹੇ-ਲਿਖੇ ਪਿਛੋਕੜ ਨਾਲ ਸਬੰਧਤ ਹਨ।
ਫ਼ਰੀਦਕੋਟ ਜ਼ਿਲੇ ਦਾ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੀ ਮਾਤਾ ਜੀ. ਜੀ. ਐੱਸ. ਖ਼ਾਲਸਾ ਸਕੂਲ ਭਲੂਰ ਦੇ ਪ੍ਰਿੰਸੀਪਲ ਹਨ ਅਤੇ ਉਸ ਦੇ ਪਿਤਾ ਗੁਰੂ ਨਾਨਕ ਮਿਸ਼ਨ ਗਰਲਜ਼ ਕਾਲਜ ਬਾਘਾ ਪੁਰਾਣਾ ਦੇ ਡਾਇਰੈਕਟਰ ਹਨ। ਜਲੰਧਰ ਦਾ ਰਹਿਣ ਵਾਲਾ ਯੁਵਰਾਜ ਸਿੰਘ ਤੋਮਰ ਵੀ ਇਕ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਪਾਰਸਦੀਪ ਸਿੰਘ ਖੋਸਾ ਅਤੇ ਯੁਵਰਾਜ ਸਿੰਘ ਤੋਮਰ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਅਰੋੜਾ ਨੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਪੂਰੀ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ ਅਤੇ ਪੰਜਾਬ ਦਾ ਸਿਰ ਉੱਚਾ ਕਰਨਗੇ।
Read More : ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਲਈ ਹੋਰ ਫੰਡ ਜਾਰੀ ਕੀਤੇ ਜਾਣਗੇ : ਵਿੱਤ ਮੰਤਰੀ ਚੀਮਾ
