ਡਿਊਟੀ ਜੁਆਇਨ ਨਾ ਕਰਵਾਉਣ ਨੂੰ ਲੈ ਕੇ ਜਤਾਇਆ ਰੋਸ
ਪਟਿਆਲਾ – ਅੱਜ ਪੀ. ਆਰ. ਟੀ. ਸੀ. ਦੇ ਕੰਟਰੈਕਟ ਕਾਮਿਆਂ ਨੇ ਬੱਸ ਸਟੈਂਡ ਪਟਿਆਲਾ ਦਾ ਘਿਰਾਓ ਕਰਦਿਆਂ ਮੇਨ ਗੇਟ ਨੂੰ ਬੰਦ ਕਰ ਕੇ ਨਾਅਰੇਬਾਜ਼ੀ ਕੀਤੀ ਅਤੇ ਡਿਊਟੀ ਜੁਆਇਨ ਨਾ ਕਰਵਾਉਣ ਨੂੰ ਲੈ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਬੱਸਾਂ ਦੀ ਆਵਾਜਾਈ ਵੀ ਠੱਪ ਕੀਤੀ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਕਾਮੇ ਹੜਤਾਲ ਉੱਪਰ ਸਨ, ਜੋ ਕਿ ਅੱਜ ਡਿਊਟੀ ’ਤੇ ਪਰਤੇ ਸਨ ਅਤੇ ਉਨ੍ਹਾਂ ਵੱਲੋਂ ਅੱਜ ਮੁੜ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਮੌਕੇ ਕੰਟਰੈਕਟ ਕਾਮਿਆਂ ਨੇ ਦੱਸਿਆ ਕਿ ਜਦੋਂ ਸਰਕਾਰ ਵੱਲੋਂ ਮੀਟਿੰਗ ਕਰਨ ਦਾ ਸੱਦਾ ਦਿੱਤਾ ਜਾ ਚੁੱਕਾ ਹੈ, ਜਿਸ ਉਪਰੰਤ ਯੂਨੀਅਨ ਨੇ ਹੜਤਾਲ ਖਤਮ ਕਰ ਦਿੱਤੀ ਹੈ। ਫਿਰ ਮੈਨੇਜਮੈਂਟ ਜਾਣਬੁੱਝ ਕੇ ਡਿਊਟੀਆਂ ਜੁਆਇਨ ਨਹੀਂ ਕਰਵਾ ਰਹੀ, ਸਗੋਂ ਕੱਚੇ ਕਾਮਿਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯੂਨੀਅਨ ਆਗੂਆਂ ਦੀ ਮੈਨੇਜਮੈਂਟ ਨਾਲ ਮੀਟਿੰਗ ਹੋਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ ਅਤੇ ਕਾਮੇ ਡਿਊਟੀਆਂ ’ਤੇ ਪਰਤੇ।
ਗੱਲਬਾਤ ਕਰਦਿਆਂ ਪੰਜਾਬ ਰੋਡਵੇਜ, ਪਨਬੱਸ, ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਬੀਤੇ ਕੱਲ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ 15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਗਏ ਲਿਖਤੀ ਭਰੋਸੇ ’ਤੇ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਗਈ ਸੀ। ਅੱਜ ਜਦੋਂ ਮੁਲਾਜ਼ਮ ਕੰਮ ’ਤੇ ਪਰਤੇ ਤਾਂ ਮੈਨੇਜਮੈਂਟ ਇਨਾਂ ਕਾਮਿਆਂ ਨੂੰ ਡਿਊਟੀਆਂ ਪਾਉਣ ਤੋਂ ਰੋਕ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਆਰਡਰਾਂ ਦੀਆਂ ਕਾਪੀਆਂ ਦਿਖਾਈਆਂ ਜਾਣ।
ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਮੈਨੇਜਮੈਂਟ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਹੁਕਮ ਹਨ ਪਰ ਜਦੋਂ ਇਸ ਸਬੰਧੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਦੀ ਧੱਕੇਸ਼ਾਹੀ ਖਿਲਾਫ਼ ਪੀ. ਆਰ. ਟੀ. ਸੀ. ਦੇ ਸਾਰੇ ਡਿਪੂਆਂ ਦੇ ਬੱਸ ਅੱਡੇ ਬੰਦ ਕਰ ਦਿੱਤੇ ਗਏ ਹਨ।
ਇਸ ਸਬੰਧੀ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ ਨਾਲ ਮੀਟਿੰਗ ਹੋਈ, ਜਿਸ ’ਚ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਅਤੇ ਪਟਿਆਲਾ ਡਿੱਪੂ ਦੀ ਕਮੇਟੀ ਦੇ ਮੈਂਬਰ ਸ਼ਾਮਲ ਸਨ, ਜਿਸ ਉਪਰੰਤ ਸਮੱਸਿਆ ਦਾ ਹੱਲ ਕੀਤਾ ਗਿਆ। ਇਸ ਤੋ ਬਾਅਦ ਧਰਨਾ ਸਮਾਪਤ ਕਰ ਕੇ ਸਾਰੇ ਕੰਟਰੈਕਟ ਕਾਮਿਆਂ ਨੂੰ ਕੰਮ ’ਤੇ ਬਹਾਲ ਕਰਵਾਇਆ ਗਿਆ।