ਫਿਰੋਜ਼ਪੁਰ, 25 ਨਵੰਬਰ : ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ 2 ਨਸ਼ਾ ਸਮੱਗਲਰਾਂ ਨੂੰ ਪਾਕਿਸਤਾਨ ਤੋਂ ਮੰਗਵਾਈ 4 ਕਿਲੋ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਦੋਂ ਕਿ ਉਨ੍ਹਾਂ ਦੇ 2 ਸਾਥੀ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਸਮੱਗਲਰਾਂ ਨੇ ਜਲਾਲਾਬਾਦ ਖੇਤਰ ’ਚ ਹੈਰੋਇਨ ਦੀ ਖੇਪ ਮੰਗਵਾ ਕੇ ਡੰਪ ਕੀਤੀ ਗਈ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੇ ਛਾਪੇਮਾਰੀ ਕਰਦੇ ਹੋਏ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚੋਂ ਇਕ ਨਾਬਾਲਿਗ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸਮੱਗਲਰਾਂ ਦੇ ਆਕਾ ਪਾਕਿਸਤਾਨ ’ਚ ਬੈਠੇ ਹੋਏ ਹਨ ਅਤੇ ਇਸ ਹੈਰੋਇਨ ਦੀ ਡਲਿਵਰੀ ਅੱਗੇ ਕੀਤੀ ਜਾਣੀ ਸੀ।
ਵੱਡੇ ਸਮੱਗਲਰਾਂ ਵੱਲੋਂ ਇਨ੍ਹਾਂ ਛੋਟੀ ਉਮਰ ਦੇ ਨੌਜਵਾਨਾਂ ਨੂੰ ਰਾਤੋ-ਰਾਤ ਅਮੀਰ ਬਣਨ ਦਾ ਅਤੇ ਮੋਟੇ ਪੈਸੇ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਅਤੇ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਲੈਣ ਅਤੇ ਅੱਗੇ ਡਲਿਵਰ ਕਰਨ ਲਈ ਕਿਹਾ ਜਾਂਦਾ ਹੈ ਪਰ ਇੰਨੀ ਛੋਟੀ ਉਮਰ ਦੇ ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਫੜੇ ਜਾਣ ’ਤੇ ਅਜਿਹੇ ਮੁਕੱਦਮੇ ’ਚ 10 ਤੋਂ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਜੇਲ ’ਚ ਖਤਮ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਇਹ ਹੈਰੋਇਨ ਚੋਬਾਰੇ ’ਚ ਛੁਪਾ ਕੇ ਰੱਖੀ ਹੋਈ ਸੀ, ਉਸ ਘਰ ਦੇ ਮਾਲਕ ਨੂੰ ਵੀ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਰੇਂਜ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਫਿਰੋਜ਼ਪੁਰ ਖੇਤਰ ’ਚ ਪੰਜਾਬ ਪੁਲਸ ਵੱਲੋਂ ਐਂਟੀ-ਡਰੋਨ ਸਿਸਟਮ ਲਾਏ ਹੋਣ ਕਾਰਨ ਅਤੇ ਬੀ. ਐੱਸ. ਐੱਫ. ਦੀ ਚੌਕਸੀ ਦੇ ਕਾਰਨ ਇਹ ਨਸ਼ਾ ਸਮੱਗਲਰ ਹੈਰੋਇਨ ਮੰਗਵਾਉਣ ਲਈ ਅਕਸਰ ਜਗ੍ਹਾ ਬਦਲਦੇ ਰਹਿੰਦੇ ਹਨ। ਇਨ੍ਹਾਂ ਸਮੱਗਲਰਾਂ ਤੋਂ ਫੜੇ ਗਏ ਮੋਬਾਈਲ ਫੋਨਾਂ ਨੇ ਉਨ੍ਹਾਂ ਦੀਆਂ ਸਾਰੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਹੈਰੋਇਨ ਕਿੱਥੋਂ ਪ੍ਰਾਪਤ ਕਰਨੀ ਹੈ ਅਤੇ ਕਿੱਥੇ ਸਪਲਾਈ ਕਰਨੀ ਹੈ।
ਐਂਟੀ-ਨਾਰਕੋਟਿਕਸ ਟਾਸਕ ਫੋਰਸ ਵੱਲੋਂ ਆਪਣੇ ਪੁਲਸ ਥਾਣੇ ’ਚ 4 ਸਮੱਗਲਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਲਾਇਆ ਜਾ ਰਿਹਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
Read More : ਹਰਜੋਤ ਬੈਂਸ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਮਤਾ ਪੇਸ਼
