ਰੂਪਨਗਰ, 24 ਨਵੰਬਰ : ਪੰਜਾਬ ਪੁਲਿਸ ਦੇ ਏ. ਐੱਸ. ਆਈ. ਅਮਰ ਸਿੰਘ ਦੀ ਆਪਣੀ ਹੀ ਸਰਵਿਸ ਰਿਵਾਲਵਰ ’ਚੋਂ ਨਿਕਲੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਘਟਨਾ ਬੀਤੇ ਦਿਨ ਕਰੀਬ 5 ਵਜੇ ਦੀ ਦੱਸੀ ਜਾ ਰਹੀ ਹੈ। ਏ. ਐੱਸ. ਆਈ. ਅਮਰ ਸਿੰਘ ਰੋਪੜ ਦੀ ਬਰਮਾਲਾ ਚੈੱਕ ਪੋਸਟ ’ਤੇ ਤਾਇਨਾਤ ਸਨ।
ਜਾਣਕਾਰੀ ਅਨੁਸਾਰ ਏ. ਐੱਸ. ਆਈ. ਅਮਰ ਸਿੰਘ ਅਪਣੀ ਪਿਸਤੌਲ ਸਾਫ਼ ਕਰ ਰਹੇ ਸਨ ਤੇ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲੀ ਉਨ੍ਹਾਂ ਦੇ ਸਿਰ ਵਿਚ ਲੱਗੀ, ਜਿਸ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੀ ਜਾਨ ਚਲੀ ਗਈ।
ਨੰਗਲ ਦੇ ਡੀ. ਐੱਸ. ਪੀ. ਹਰਕਿਰਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ‘ਐਕਸੀਡੈਂਟਲ ਫ਼ਾਇਰਿੰਗ’ ਦਾ ਮਾਮਲਾ ਜਾਪਦਾ ਹੈ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਏ. ਐੱਸ. ਆਈ. ਅਮਰ ਸਿੰਘ ਪਹਿਲਾਂ ਨੰਗਲ ਥਾਣੇ ਵਿਚ ਤਾਇਨਾਤ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਤਾਇਨਾਤੀ ਬਰਮਾਲਾ ਚੈੱਕ ਪੋਸਟ ’ਤੇ ਕੀਤੀ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਦਾ ਇਕ ਬੇਟਾ ਆਸਟਰੇਲੀਆ ਵਿਚ ਰਹਿੰਦਾ ਹੈ, ਜਦਕਿ ਪਤਨੀ ਅਤੇ ਦੂਜਾ ਬੇਟਾ ਨੰਗਲ ਵਿਚ ਰਹਿੰਦੇ ਹਨ।
Read More : ਭਾਜਪਾ ਵੱਲੋਂ ਚੰਡੀਗੜ੍ਹ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਸਨਮਾਨ ‘ਤੇ ਸਿੱਧਾ ਹਮਲਾ : ਕੰਗ
