ਦੋਸ਼ : ਪਾਰਟੀ ਪੰਜਾਬੀਆਂ ਵਿਰੁੱਧ ਡਰਾਉਣ-ਧਮਕਾਉਣ ਦੀਆਂ ਚਾਲਾਂ ਵਰਤਣ ਦੀ ਕੋਸ਼ਿਸ਼ ਕਰ ਰਹੀ
ਚੰਡੀਗੜ੍ਹ, 23 ਨਵੰਬਰ : ਚੰਡੀਗੜ੍ਹ ਦੇ ਪ੍ਰਸ਼ਾਸਕੀ ਢਾਂਚੇ ਨੂੰ ਸੂਬੇ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਸਬੰਧੀ ਕੇਂਦਰ ਸਰਕਾਰ ਦੇ ਪ੍ਰਸਤਾਵ ਦੀ ਤੁਲਨਾ ਜੰਮੂ-ਕਸ਼ਮੀਰ ਦੇ ਪੂਰਨ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਫ਼ੈਸਲੇ ਨਾਲ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਦੇ ਪ੍ਰਸ਼ਾਸਕੀ ਢਾਂਚੇ ਨੂੰ ਬਦਲਣ ਦੀ ਮੰਗ ਕਰਨ ਵਾਲੇ ਪ੍ਰਸਤਾਵਿਤ ਸੰਵਿਧਾਨਕ ਸੋਧ ਬਾਰੇ ਇਸ ਦੇ (ਕੇਂਦਰ ਸਰਕਾਰ) ਦੇ ਸਪੱਸ਼ਟੀਕਰਨ ਨੂੰ ਸਿਰੇ ਰੱਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦਾ ਸਪੱਸ਼ਟੀਕਰਨ ਅਸਪੱਸ਼ਟ ਹੈ ਕਿ ਉਹ ਉਹ ਸਰਦ ਰੁੱਤ ਸੈਸ਼ਨ ’ਚ ਇਹ ਬਿੱਲ ਨਹੀਂ ਲਿਆਏਗੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਇਸ ਨੂੰ ਅਗਲੇ ਸੈਸ਼ਨ ’ਚ ਨਹੀਂ ਲਿਆਏਗੀ?
ਇਸ ਲੜੀ ਹੇਠ ਵੜਿੰਗ ਨੇ ਕੇਂਦਰ ਸਰਕਾਰ ਦੇ ਸਪੱਸ਼ਟੀਕਰਨ ‘ਤੇ ਪ੍ਰਤੀਕਿਰਿਆ ਦਿੰਦਿਆਂ ਪੁੱਛਿਆ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸੋਧ ਨੂੰ ਪ੍ਰਸਤਾਵਿਤ ਕਰਨ ਦੀ ਕੀ ਲੋੜ ਸੀ। ਇਸ ਸਬੰਧ ’ਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਸੱਚਮੁੱਚ ਪੰਜਾਬ ਤੇ ਪੰਜਾਬੀਆਂ ਪ੍ਰਤੀ ਸੁਹਿਰਦ ਹੈ, ਤਾਂ ਉਸ ਨੂੰ ਉਲਟ ਕਦਮ ਚੁੱਕਣ ਦੀ ਬਜਾਏ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਪੰਜਾਬ ਨੂੰ ਸੌਂਪਣ ਲਈ ਉਪਾਅ ਸ਼ੁਰੂ ਕਰਨੇ ਚਾਹੀਦੇ ਹਨ।
ਵੜਿੰਗ ਨੇ ਚੰਡੀਗੜ੍ਹ ਦੇ ਸਬੰਧ ’ਚ ਭਾਜਪਾ ਸਰਕਾਰ ਦੇ ਪ੍ਰਸਤਾਵਿਤ ਕਦਮ ਦੀ ਤੁਲਨਾ ਜੰਮੂ-ਕਸ਼ਮੀਰ ਬਾਰੇ ਉਸ ਦੇ ਪਹਿਲਾਂ ਦੇ ਫੈਸਲੇ ਨਾਲ ਕੀਤੀ। ਜਿੱਥੇ ਇਕ ਪੂਰਨ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਸੀ। ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣਾ ਭਾਜਪਾ ਦੀ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਨੀਤੀ ਦਾ ਹਿੱਸਾ ਹੈ, ਜਿਹੜੀ ਖਾਸ ਕਰਕੇ ਸੰਘਵਾਦ ਉੱਪਰ ਹਮਲੇ ਵਿਰੁੱਧ ਮਜ਼ਬੂਤ ਅਤੇ ਆਵਾਜ਼ ਉਠਾਉਣ ਵਾਲੇ ਸੂਬਿਆਂ ਨੂੰ ਟਾਰਗੇਟ ਕਰਦੀ ਹੈ।
