ਮੌਕ ਸੈਸ਼ਨ ਲਈ ਰਿਹਰਸਲ ’ਚ ਹਿੱਸਾ ਲੈਣ ਤੋਂ ਬਾਅਦ ਵਿਦਿਆਰਥੀ ਖੁਸ਼ ਦਿਖੇ
ਚੰਡੀਗੜ੍ਹ, 20 ਨਵੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਅਸੀਂ ਸੰਵਿਧਾਨ ਦਿਵਸ ਯਾਨੀ 26 ਨਵੰਬਰ 2025 ਨੂੰ ਪੰਜਾਬ ਵਿਧਾਨ ਸਭਾ ਦਾ ਇਕ ਮੌਕ ਸੈਸ਼ਨ ਕਰਵਾ ਰਹੇ ਹਾਂ। ਇਸ ਲਈ ਪੰਜਾਬ ਦੇ 117 ਹਲਕਿਆਂ ਦੇ ਵਿਦਿਆਰਥੀ ਮੌਕ ਸੈਸ਼ਨ ਦੀ ਰਿਹਰਸਲ ਲਈ ਪੰਜਾਬ ਵਿਧਾਨ ਸਭਾ ’ਚ ਆਏ ਹਨ ਅਤੇ ਸਾਡੇ ਸਬੰਧਤ ਸਟਾਫ ਨੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਹੈ ਤਾਂ ਜੋ ਉਹ ਇਸ ਸਦਨ ਵਿਚ ਆਪਣੇ ਹਲਕੇ ਦੇ ਮੁੱਦਿਆਂ ਨੂੰ ਉਠਾ ਸਕਣ ਅਤੇ ਉਨ੍ਹਾਂ ਬਾਰੇ ਵਿਚਾਰ ਚਰਚਾ ਕਰ ਸਕਣ।
ਇਹ ਵਿਦਿਆਰਥੀਆਂ ’ਚ ਰਾਜਨੀਤੀ ਵਿਚ ਦਿਲਚਸਪੀ ਪੈਦਾ ਕਰਨ ਅਤੇ ਆਪਣੇ ਭਵਿੱਖੀ ਜੀਵਨ ’ਚ ਆਗੂ ਬਣਨ ਲਈ ਆਪਣੀ ਕਿਸਮ ਦੀ ਪਹਿਲ ਹੈ। ਇਸ ਤਰ੍ਹਾਂ ਵਿਦਿਆਰਥੀ ਸੰਵਿਧਾਨ ਦਾ ਵਿਹਾਰਕ ਗਿਆਨ ਸਿੱਖਣਗੇ ਅਤੇ ਵਿਧਾਨਕ ਪ੍ਰਕਿਰਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣਗੇ।
ਸੰਧਵਾਂ ਨੇ ਦੱਸਿਆ ਕਿ ਇਸ ਮੌਕ ਸੈਸ਼ਨ ’ਚ ਸਿਰਫ਼ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ 117 ਵਿਧਾਨ ਸਭਾ ਹਲਕਿਆਂ ਤੋਂ ਆਏ ਹਨ, ਜੋ ਆਪਣੇ ਵਿਧਾਇਕਾਂ/ਮੰਤਰੀਆਂ ਦੀ ਨੁਮਾਇੰਦਗੀ ਕਰਨਗੇ ਅਤੇ ਇਥੇ ਉਨ੍ਹਾਂ ਦੀ ਭੂਮਿਕਾ ਨਿਭਾਉਣਗੇ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਮੁੱਖ ਮੰਤਰੀ ਦੇ ਹਲਕੇ ਤੋਂ ਆਇਆ ਹੈ ਤਾਂ ਉਹ ਇੱਥੇ ਮੁੱਖ ਮੰਤਰੀ ਦੀ ਭੂਮਿਕਾ ਨਿਭਾਏਗਾ ਅਤੇ ਜੇਕਰ ਕੋਈ ਸਪੀਕਰ ਦੇ ਹਲਕੇ ਤੋਂ ਆਇਆ ਹੈ ਤਾਂ ਉਹ ਸਪੀਕਰ ਦੀ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਸਪੀਕਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੌਕ ਸੈਸ਼ਨ ਦੌਰਾਨ ਸਵਾਲ ਪੁੱਛਣ ਦੀ ਸਿਖਲਾਈ ਦਿੱਤੀ ਗਈ ਹੈ।
ਸਕੱਤਰ ਪੰਜਾਬ ਵਿਧਾਨ ਸਭਾ ਰਾਮ ਲੋਕ ਖਟਾਨਾ ਨੇ ਨਿੱਜੀ ਤੌਰ ’ਤੇ ਵਿਦਿਆਰਥੀਆਂ ਨੂੰ ਮੌਕ ਸੈਸ਼ਨ ਦੌਰਾਨ ਸਵਾਲ ਪੁੱਛਣ ਅਤੇ ਆਪਣੇ ਸ਼ੰਕਿਆਂ/ਸਵਾਲਾਂ ਦੇ ਜਵਾਬ ਹਾਸਲ ਕਰਨ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੇ ਨਾਲ ਹਰੇਕ ਜ਼ਿਲੇ ਤੋਂ ਉਨ੍ਹਾਂ ਦੇ ਅਧਿਆਪਕ ਅਤੇ ਕੋਆਰਡੀਨੇਟਰ ਵੀ ਆਏ ਸਨ। ਮੌਕ ਸੈਸ਼ਨ ਦੀ ਰਿਹਰਸਲ ਦੌਰਾਨ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਬਲਕਾਰ ਸਿੱਧੂ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਮੌਜੂਦ ਸਨ।
ਘਨੌਰੀ ਕਲਾਂ ਸਕੂਲ ਆਫ਼ ਐਮੀਨੈਂਸ ਧੂਰੀ ਸੰਗਰੂਰ ਦੇ ਵਿਦਿਆਰਥੀ ਹਰਕਮਲਦੀਪ ਸਿੰਘ ਮੁੱਖ ਮੰਤਰੀ ਦੀ ਨੁਮਾਇੰਦਗੀ ਕਰਨਗੇ, ਸਕੂਲ ਆਫ਼ ਐਮੀਨੈਂਸ, ਕੋਟਕਪੂਰਾ ਦੇ ਜਗਮੰਦਰ ਸਿੰਘ ਸਪੀਕਰ ਦੀ ਨੁਮਾਇੰਦਗੀ ਕਰਨਗੇ ਅਤੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਧੰਡਲ ਕਾਦੀਆਂ ਦੇ ਹਰਪ੍ਰੀਤ ਸਿੰਘ ਵਿਰੋਧੀ ਧਿਰ ਦੇ ਆਗੂ ਦੀ ਨੁਮਾਇੰਦਗੀ ਕਰਨਗੇ।
Read More : ਅਕਾਲੀ ਦਲ ਵੱਲੋਂ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਦਾ ਵਿਰੋਧ ਸਰਾਸਰ ਗਲਤ : ਮਾਨ
