ਜੇਦਾਹ, 17 ਨਵੰਬਰ : ਸਾਊਦੀ ਅਰਬ ਵਿਚ ਵਾਪਰੇ ਇਕ ਵੱਡੇ ਸੜਕ ਹਾਦਸੇ ਵਿਚ ਬੱਸ ’ਚ ਸਵਾਰ 43 ਭਾਰਤੀਆਂ ਸਮੇਤ ਕੁੱਲ 45 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਮੱਕਾ ਤੋਂ ਮਦੀਨਾ ਜਾ ਰਹੀ ਸੀ। ਟੈਂਕਰ ਨਾਲ ਟਕਰਾਉਣ ਤੋਂ ਬੱਸ ਨੂੰ ਅੱਗ ਲੱਗ ਗਈ। ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਦਸੇ ਵਿਚ ਮਾਰੇ ਗਏ ਭਾਰਤੀ ਹੈਦਰਾਬਾਦ ਦੇ ਵਸਨੀਕ ਸਨ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਬੱਸ ਮੁਫ਼ਰੀਹਾਤ ਤੋਂ ਲੰਘ ਰਹੀ ਸੀ। ਹਾਦਸੇ ਸਮੇਂ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਲੋਕ ਘਬਰਾ ਗਏ ਅਤੇ ਬਾਹਰ ਨਿਕਲਣ ਵਿਚ ਅਸਮਰੱਥ ਰਹੇ। ਮ੍ਰਿਤਕਾਂ ਵਿਚ 11 ਔਰਤਾਂ ਅਤੇ 10 ਬੱਚੇ ਵੀ ਸ਼ਾਮਲ ਹਨ। ਹਾਦਸੇ ਵਿਚ ਸਿਰਫ਼ ਇਕ ਵਿਅਕਤੀ ਬਚਿਆ ਹੈ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਹੈਲਪਲਾਈਨ ਨੰਬਰ 917997959754 ਅਤੇ 919912919545 ਜਾਰੀ ਕੀਤੇ ਹਨ। ਉੱਥੇ ਹੀ ਸਾਊਦੀ ਅਰਬ ਵਿਚ ਭਾਰਤੀ ਦੂਤਘਰ ਨੇ ਵੀ ਹੈਲਪਲਾਈਨ ਨੰਬਰ 8002440003 ਜਾਰੀ ਕੀਤਾ ਹੈ।
ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਰੇਵੰਤ ਰੈਡੀ ਅਤੇ ਐੱਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ ਵਿਚ ਹੋਏ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਕਾਂਗਰਸ ਪਾਰਟੀ ਨੇ ਵੀ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਮਰਨ ਵਾਲਿਆਂ ’ਚ ਇਕੋ ਪਰਿਵਾਰ ਦੇ 18 ਮੈਂਬਰ ਵੀ ਸ਼ਾਮਲ
ਹਾਦਸੇ ਦਾ ਸ਼ਿਕਾਰ ਹੋਣ ਵਾਲੀ ਬੱਸ ਵਿਚ ਇਕੋ ਪਰਿਵਾਰ ਦੇ ਤਿੰਨ ਪੀੜ੍ਹੀਆਂ ਦੇ 18 ਮੈਂਬਰ ਵੀ ਸਵਾਰ ਸਨ। ਇਕ ਸਰਕਾਰੀ ਅਧਿਕਾਰੀ ਮੁਹੰਮਦ ਅਸਲਮ ਨੇ ਦੱਸਿਆ ਕਿ ਸ਼ੇਖ ਨਜ਼ੀਰੂਦੀਨ, ਜੋ ਇਕ ਸੇਵਾਮੁਕਤ ਰੇਲਵੇ ਕਰਮਚਾਰੀ ਹੈ, ਆਪਣੀ ਪਤਨੀ, ਪੁੱਤਰ, 3 ਧੀਆਂ ਅਤੇ ਪੋਤੇ-ਪੋਤੀਆਂ ਨਾਲ ਮਦੀਨਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਹਾਦਸਾ ਸੀ ਜਾਂ ਕੀ ਹੋਇਆ ਪਰ ਬੱਸ ਵਿਚ ਸ਼ੇਖ ਨਜ਼ੀਰੂਦੀਨ ਸਣੇ ਉਸ ਦਾ ਪੁੱਤਰ, ਧੀਆਂ ਅਤੇ ਪੋਤੇ-ਪੋਤੀਆਂ ਸਣੇ ਕੁੱਲ 18 ਮੈਂਬਰ ਸਵਾਰ ਸਨ। ਨਜ਼ੀਰੂਦੀਨ ਦਾ ਇਕ ਹੋਰ ਪੁੱਤਰ ਇਸ ਸਮੇਂ ਅਮਰੀਕਾ ਵਿਚ ਹੈ। ਅਸਲਮ ਨੇ ਘਟਨਾ ਅਤੇ ਉਸ ਟ੍ਰੈਵਲ ਏਜੰਸੀ ਦੀ ਜਾਂਚ ਦੀ ਵੀ ਮੰਗ ਕੀਤੀ, ਜਿਸ ਰਾਹੀਂ ਇਹ ਲੋਕ ਸਾਊਦੀ ਅਰਬ ਗਏ ਸਨ।
Read More : ਮੁੱਖ ਮੰਤਰੀ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
