ਮੁਲਜ਼ਮ ਮਲੇਸ਼ੀਆ ਸਥਿਤ 3 ਸੰਚਾਲਕਾਂ ਰਾਹੀਂ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਸੰਪਰਕ ’ਚ ਸਨ : ਡੀ. ਜੀ. ਪੀ.
ਭੀੜ ਵਾਲੇ ਇਲਾਕੇ ’ਚ ਗ੍ਰੇਨੇਡ ਹਮਲਾ ਕਰ ਕੇ ਅਸ਼ਾਂਤੀ ਫੈਲਾਉਣ ਦਾ ਮਕਸਦ ਸੀ : ਪੁਲਸ ਕਮਿਸ਼ਨਰ
ਲੁਧਿਆਣਾ , 13 ਨਵੰਬਰ : ਪੰਜਾਬ ਪੁਲਸ ਨੇ ਲੁਧਿਆਣਾ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੁਆਰਾ ਸੰਚਾਲਿਤ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਪਾਕਿਸਤਾਨ ਆਧਾਰਿਤ ਗ੍ਰੇਨੇਡ ਹਮਲੇ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਹੈਂਡ ਗ੍ਰੇਨੇਡ ਚੁੱਕਣ ਅਤੇ ਡਲਿਵਰੀ ’ਚ ਤਾਲਮੇਲ ਕਰਨ ਲਈ ਮਲੇਸ਼ੀਆ ਆਧਾਰਿਤ 3 ਕਾਰਕੁੰਨਾਂ ਰਾਹੀਂ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਸੰਪਰਕ ਵਿਚ ਸਨ। ਵਿਦੇਸ਼ੀ ਹੈਂਡਲਰਾਂ ਨੇ ਇਨ੍ਹਾਂ ਨੂੰ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਲਈ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਗ੍ਰੇਨੇਡ ਹਮਲੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੈ ਸਿੰਘ ਉਰਫ਼ ਅਜੈ ਵਜੋਂ ਹੋਈ ਹੈ, ਜੋ ਸਾਰੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ। ਇਸ ਮਾਮਲੇ ਵਿਚ ਅਮਰੀਕ ਸਿੰਘ, ਪਰਮਿੰਦਰ ਉਰਫ਼ ਚਿੜੀ, ਵਿਜੇ, ਸੁਖਜੀਤ ਸਿੰਘ ਉਰਫ਼ ਸੁੱਖ ਬਰਾੜ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਉਰਫ਼ ਵਿੱਕੀ ਅਤੇ ਸੱਜਣ ਕੁਮਾਰ ਉਰਫ਼ ਸੰਜੂ ਨੂੰ ਵੱਖ-ਵੱਖ ਜੇਲਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਪੇਸ਼ ਕਰ ਕੇ ਇਸ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਟੀਮਾਂ ਨੇ ਮੁਲਜ਼ਮਾਂ ਤੋਂ ਇਕ 86ਪੀ. ਚੀਨੀ ਹੈਂਡ ਗ੍ਰੇਨੇਡ, ਇਕ ਕਿੱਟ ਅਤੇ ਦਸਤਾਨੇ ਬਰਾਮਦ ਕੀਤੇ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਲੇਸ਼ੀਆ ਸਥਿਤ 3 ਸੰਚਾਲਕਾਂ ਰਾਹੀਂ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਸੰਪਰਕ ਵਿਚ ਸਨ। ਉਨ੍ਹਾਂ ਨੂੰ ਸੂਬੇ ਵਿਚ ਅਸ਼ਾਂਤੀ ਫੈਲਾਉਣ ਲਈ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਗ੍ਰੇਨੇਡ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਅਗਲੇ-ਪਿਛਲੇ ਸਬੰਧ ਸਥਾਪਿਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਪੁਲਸ ਕਮਿਸ਼ਨਰ (ਸੀ. ਪੀ.) ਲੁਧਿਆਣਾ ਸਵਪਨ ਸ਼ਰਮਾ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਜੋਧੇਵਾਲ ਪੁਲਸ ਸਟੇਸ਼ਨ ਵਿਚ ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੈ ਸਿੰਘ ਉਰਫ਼ ਅਜੈ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਸੀ. ਪੀ. (ਇਨਵੈਸਟੀਗੇਸ਼ਨ) ਅਤੇ ਡੀ. ਸੀ. ਪੀ. (ਸਿਟੀ) ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵਿਦੇਸ਼ੀ ਹੈਂਡਲਰਾਂ ਦੀ ਪਛਾਣ ਮਲੇਸ਼ੀਆ ਸਥਿਤ ਅਜੈ ਉਰਫ਼ ਅਜੈ ਮਲੇਸ਼ੀਆ, ਜੱਸ ਬਹਿਬਲ ਅਤੇ ਪਵਨਦੀਪ ਵਜੋਂ ਹੋਈ, ਜੋ ਉੱਥੇ ਇਕੱਠੇ ਰਹਿੰਦੇ ਹਨ ਅਤੇ ਪੰਜਾਬ ਵਿਚ ਆਪਣੇ ਸਥਾਨਕ ਸਾਥੀਆਂ, ਅਮਰੀਕ ਸਿੰਘ ਅਤੇ ਪਰਮਿੰਦਰ ਉਰਫ਼ ਚਿੜੀ ਦੇ ਸੰਪਰਕ ਵਿਚ ਸਨ। ਇਹ ਦੋਵੇਂ ਪਹਿਲਾਂ ਉਨ੍ਹਾਂ ਲਈ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੰਮਾਂ ਵਿਚ ਸ਼ਾਮਲ ਸਨ।
ਵਿਦੇਸ਼ ’ਚ ਬੈਠੇ ਮੁਲਜ਼ਮਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਅਜੈ ਦੇ ਭਰਾ ਵਿਜੇ, ਜੋ ਗੰਗਾਨਗਰ ਜੇਲ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਸਜ਼ਾ ਕੱਟ ਰਿਹਾ ਸੀ, ਨੂੰ ਵੀ ਇਸ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ।
ਜਾਂਚ ਵਿਚ ਅੱਗੇ ਖੁਲਾਸਾ ਹੋਇਆ ਕਿ ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਅਤੇ ਸੱਜਣ ਉਰਫ਼ ਸੰਜੂ ਵੀ ਪੰਜਾਬ ਵਿਚ ਗ੍ਰੇਨੇਡਾਂ ਦੀ ਡਲਿਵਰੀ ਲਈ ਸਥਾਨਕ ਨੈੱਟਵਰਕ ਦਾ ਹਿੱਸਾ ਸਨ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਮੁਲਜ਼ਮਾਂ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ। ਇਸ ਸਬੰਧੀ ਜੋਧੇਵਾਲ ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
Read More : ਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂ
